ਲੁਧਿਆਣਾ ਦੇ ਜਗਰਾਉਂ ਦੇ ਪਿੰਡ ਕਾਉਂਕੇਵਾਲਾ ਦੇ ਇੱਕ ਨਿੱਜੀ ਸਕੂਲ ਦੇ 27 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਵਿੱਚ ਪੁਲਿਸ ਨੇ FIR ਦਰਜ ਕੀਤੀ ਹੈ। ਸਕੂਲ ਦੀ ਅਣਗਹਿਲੀ ਕਾਰਨ ਸਾਰੇ ਵਿਦਿਆਰਥੀ ਆਪਣੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿੱਚ ਬੈਠ ਨਹੀਂ ਸਕੇ, ਕਿਉਂਕਿ ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਸਹੀ ਰੋਲ ਨੰਬਰ ਨਹੀਂ ਦਿੱਤੇ ਗਏ ਸਗੋਂ ਉਨ੍ਹਾਂ ‘ਤੇ ਲਿਖੇ ਰੋਲ ਨੰਬਰਾਂ ਵਾਲੀਆਂ ਕੱਚੀਆਂ ਪਰਚੀਆਂ ਜ਼ਬਤ ਕਰ ਲਈਆਂ ਗਈਆਂ।
ਪਰ ਜਦੋਂ ਵਿਦਿਆਰਥੀ ਜਗਰਾਓਂ ਦੇ ਖ਼ਾਲਸਾ ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਪੁੱਜੇ ਤਾਂ ਪ੍ਰੀਖਿਆ ਕੇਂਦਰ ਦੇ ਸੁਪਰਵਾਈਜ਼ਰ ਅਤੇ ਹੋਰ ਸਟਾਫ਼ ਨੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ। ਵਿਦਿਆਰਥਣ ਨੇ ਦੱਸਿਆ ਕਿ ਉਸ ਦੇ ਕੋਲ ਜੋ ਰੋਲ ਨੰਬਰ ਸਨ, ਉਹ ਸਕੂਲ ਵੱਲੋਂ ਗਲਤ ਦਿੱਤੇ ਗਏ ਸਨ। ਪੇਪਰ ਨਾ ਦੇਣ ਕਾਰਨ ਸਾਰੇ ਵਿਦਿਆਰਥੀ ਰੋਣ ਲੱਗ ਪਏ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਰਿਸ਼ਤੇਦਾਰ ਵੀ ਪ੍ਰੀਖਿਆ ਕੇਂਦਰ ਪਹੁੰਚ ਗਏ।
ਇੱਕ ਵਿਦਿਆਰਥੀ ਨੇ ਦੱਸਿਆ ਕਿ ਇਹ 10ਵੀਂ ਜਮਾਤ ਦਾ ਪਹਿਲਾ ਪੇਪਰ ਸੀ। ਉਸ ਨੂੰ 20 ਮਾਰਚ ਨੂੰ ਸਕੂਲ ਮੈਨੇਜਮੈਂਟ ਵੱਲੋਂ ਰੋਲ ਨੰਬਰ ਲਈ ਬੁਲਾਇਆ ਗਿਆ ਸੀ ਪਰ ਦੱਸਿਆ ਗਿਆ ਕਿ ਉਸ ਦਿਨ ਪ੍ਰਿੰਸੀਪਲ ਸਕੂਲ ਵਿੱਚ ਨਹੀਂ ਸੀ। ਅਗਲੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਨਵੀ ਨਾਂ ਦੀ ਅਧਿਆਪਕਾ ਸਕੂਲ ਵਿੱਚ ਨਾ ਹੋਣ ਦੀ ਗੱਲ ਕਹੀ ਗਈ। ਇਸ ਮਗਰੋਂ ਵਾਈਸ ਪ੍ਰਿੰਸੀਪਲ ਨੇ ਕਾਪੀ ਦੇ ਪੇਜ ‘ਤੇ ਰੋਲ ਨੰਬਰ ਲਿਖ ਕੇ ਦਿੱਤੇ ਸਨ। ਬਾਅਦ ਵਿੱਚ ਸਟੂਡੈਂਟਸ ਨੂੰ ਘਰ ਭੇਜ ਦਿੱਤਾ ਗਿਆ, ਪਰ ਵਿਦਿਆਰਥੀ ਦੁਬਾਰਾ ਅਗਲੇ ਦਿਨ ਰੋਲ ਨੰਬਰ ਦੀ ਸਥਾਈ ਸਲਿੱਪ ਲੈਣ ਗਏ ਤਾਂ ਟਾਲਮਟੋਲ ਕੀਤੀ ਜਾਂਦੀ ਰਹੀ।
ਵਿਦਿਆਰਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਡਾਇਰੈਕਟਰ ਪਪਮਜੀਤ ਕੌਰ ਅਤੇ ਨਵਦੀਪ ਸਿੰਘ (ਡਾਇਰੈਕਟਰ ਦਾ ਪੁੱਤਰ) ਵਿਦਿਆਰਥੀਆਂ ਤੋਂ ਹਰ ਮਹੀਨੇ 1200 ਰੁਪਏ ਪ੍ਰਤੀ ਵਿਦਿਆਰਥੀ ਟਿਊਸ਼ਨ ਫੀਸ ਲੈਂਦੇ ਰਹੇ। ਇਸੇ ਤਰ੍ਹਾਂ ਬੋਰਡ ਦੀ ਰਜਿਸਟ੍ਰੇਸ਼ਨ ਦੇ 1600 ਰੁਪਏ ਪ੍ਰਤੀ ਵਿਦਿਆਰਥੀ ਲੈ ਕੇ ਵਿਦਿਆਰਥੀਆਂ ਨਾਲ ਠੱਗੀ ਮਾਰੀ ਗਈ।
ਇਹ ਵੀ ਪੜ੍ਹੋ : ਦੇਸ਼ ‘ਚ ਇੱਕ ਹੋਰ ਵਿਦੇਸ਼ੀ ਔਰਤ ਨਾਲ ਬਦਸਲੂਕੀ, ਟੈਂਟ ‘ਚ ਵੜ ਜਿਨਸੀ ਸ਼ੋਸ਼ਣ, ਚੀਕਣ ‘ਤੇ ਮਾਰਿਆ ਚਾਕੂ
ਦੋਸ਼ੀਆਂ ਨੇ ਵਿਦਿਆਰਥੀਆਂ ਦਾ 1 ਸਾਲ ਬਰਬਾਦ ਕਰ ਦਿੱਤਾ। ਮਾਮਲੇ ਦੀ ਜਾਂਚ ਕਰਕੇ SP ਹਰਦੀਪ ਸਿੰਘ ਚੀਮਾ ਵੱਲੋਂ ਕਾਰਵਾਈ ਕਰਦੇ ਹੋਏ SSP ਦਿਹਾਤੀ ਲੁਧਿਆਣਾ ਦੀ ਮਨਜ਼ੂਰੀ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਵਿਦਿਆਰਥੀਆਂ ਵੱਲੋਂ ਬੀਤੇ ਦਿਨ ਮੋਗਾ ਸੜਕ ‘ਤੇ ਟ੍ਰੈਫਿਕ ਜਾਮ ਕੀਤਾ ਗਿਆ ਜਿਸ ਮਗਰੋਂ ਪੁਲਿਸ ਹਰਕਤ ‘ਚ ਆਈ।
ਵੀਡੀਓ ਲਈ ਕਲਿੱਕ ਕਰੋ -: