Private schools get permission : ਬਠਿੰਡਾ ਜ਼ਿਲੇ ਵਿਚ ਪ੍ਰਾਈਵੇਟ ਸਕੂਲਾਂ ਨੂੰ ਆਨ ਲਾਈਨ ਪੜ੍ਹਾਈ ਕਰਵਾਉਣ ਲਈ ਸੀਮਤ ਸਟਾਫ ਨੂੰ ਸਕੂਲ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਇਜਾਜ਼ਤ ਕੋਰੋਨਾ ਵਾਇਰਸ ਦੇ ਮੱਦੇਨਜਰ ਧਾਰਾ 144 ਜ਼ਾਬਤਾ ਫੌਜ਼ਦਾਰੀ ਸੰਘਤਾ 1973 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀ ਹਦੂਦ ਦੇ ਅੰਦਰ- ਅੰਦਰ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 33 ਫੀਸਦੀ (ਵੱਧ ਤੋਂ ਵੱਧ 10 ਸਟਾਫ ਮੈਂਬਰ) ਸਟਾਫ ਬੱਚਿਆਂ ਨੂੰ ਆਨ ਲਾਇਨ ਪੜ੍ਹਾਈ ਕਰਾਉਣ ਦੇ ਮੰਤਵ ਲਈ ਸਕੂਲ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 1 ਵਜੇ ਤੱਕ ਸਕੂਲ ਵਿਚ ਬੁਲਾਉਣ ਦੀ ਸ਼ਰਤਾਂ ਦੇ ਆਧਾਰ ’ਤੇ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਬੰਧੀ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰਖਦੇ ਹੋਏ ਜ਼ਰੂਰੀ ਹਿਦਾਇਤਾਂ ਦਿੰਦਿਆਂ ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਸਕੂਲ ਖੋਲ੍ਹਣ ਸਮੇਂ ਮੁਲਾਜ਼ਮ ਘੱਟੋਂ ਘੱਟ 2 ਗਜ ਦੀ ਦੂਰੀ ਨੂੰ ਯਕੀਨੀ ਬਣਾਉਣਗੇ। ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਪ੍ਰਬੰਧਕ ਸਕੂਲ ਦੀ ਸਾਰੀ ਬਿਲਡਿੰਗ ਨੂੰ ਸੈਨੀਟਾਈਜ਼ ਕਰਾਉਣਗੇ ਤੇ ਆਪਣੇ ਸਟਾਫ ਲਈ ਮਾਸਕ, ਹੈਂਡ ਸੈਨੀਟਾਈਜ਼ਰ ਤੇ ਦਸਤਾਨਿਆਂ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਉਣਗੇ। ਸਕੂਲ ਖੋਲ੍ਹਣ ਸਮੇਂ ਕਿਸੇ ਵੀ ਬੱਚੇ ਦੇ ਮਾਪਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਸਕੂਲ ਖੋਲ੍ਹਣ ਸਮੇਂ ਦੌਰਾਨ ਆਨ ਲਾਇਨ ਪੜ੍ਹਾਈ ਸਬੰਧੀ ਹੀ ਕੰਮ ਕਰਨਾ ਯਕੀਨੀ ਬਣਾਉਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਕੂਲਾਂ ਤੇ ਕਾਲਜਾਂ ਦੀਆਂ ਬਿਲਡਿੰਗਾਂ ਵਿਚ ਕੁਆਰੰਟਾਈਨ ਕੋਵਿਡ ਸੈਂਟਰ ਬਣਾਏ ਹੋਏ ਹਨ, ਉਨ੍ਹਾਂ `ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਉਪਰੋਕਤ ਹਦਾਇਤਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।