ਚੰਡੀਗੜ੍ਹ ਪੰਜਾਬ ਸਰਕਾਰ ਨੇ ਐਡਵੋਕੇਟ ਰਾਜਵਿੰਦਰ ਬੈਂਸ ਨੂੰ ਅਦਾਲਤ ਵਿੱਚ ਬਰਗਾੜੀ ਕੇਸਾਂ ਦੀ ਪ੍ਰਤੀਨਿਧਤਾ ਕਰਨ ਲਈ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿੱਚ ਬਹੁਤ ਹੀ ਹਮਲਾਵਰ ਸਨ।
ਸਿੱਧੂ ਨੇ ਇਸ ਗੱਲ ‘ਤੇ ਇਤਰਾਜ਼ ਜਤਾਇਆ ਕਿ ਏਪੀਐਸ ਦਿਓਲ, ਜਿਨ੍ਹਾਂ ਨੇ ਬੇਅਦਬੀ ਮਾਮਲਿਆਂ ਵਿੱਚ ਸਰਕਾਰ ਵਿਰੁੱਧ ਕੇਸ ਲੜਿਆ ਸੀ, ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਕਾਰਨ ਸਿੱਧੂ ਨੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਵੀ ਗਰਮਾਉਂਦਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਬਰਗਾੜੀ ਕਾਂਡ ਸਮੇਤ ਹੋਰ ਕਈ ਮੁੱਦਿਆਂ ‘ਤੇ ਕੈਪਟਨ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਖਤਿਆਰ ਕਰ ਰਹੇ ਸਨ। ਇਸ ਤੋਂ ਬਾਅਦ ਕੈਪਟਨ ਲਈ ਅਜਿਹੇ ਹਾਲਾਤ ਬਣ ਗਏ ਕਿ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਬਣੀ, ਪਰ ਸਰਕਾਰ ਬਣਨ ਦੇ ਦਸ ਦਿਨ ਬਾਅਦ ਸਿੱਧੂ ਇੱਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਹਮਲਾਵਰ ਹੋ ਗਏ।
ਇਹ ਵੀ ਪੜ੍ਹੋ : ਕੈਪਟਨ ਛੇੜਨਗੇ ਸਿਆਸੀ ਜੰਗ! ਬਣਾਉਣ ਜਾ ਰਹੇ ਨਵੀਂ ਪਾਰਟੀ, ਸਿੱਧੂ ਵਿਰੋਧੀਆਂ ਨੂੰ ਮਿਲੇਗੀ ਥਾਂ
ਦਰਅਸਲ, ਪੰਜਾਬ ਸਰਕਾਰ ਨੇ ਏਪੀਐਸ ਦਿਓਲ ਨੂੰ ਰਾਜ ਵਿੱਚ ਐਡਵੋਕੇਟ ਜਨਰਲ ਨਿਯੁਕਤ ਕੀਤਾ। ਏਪੀਐਸ ਦਿਓਲ ਨੇ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਕੇਸ ਲੜਿਆ ਹੈ। ਇਸ ਤੋਂ ਇਲਾਵਾ ਉਹ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੇਸਾਂ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹਨ। ਏਪੀਐਸ ਦਿਓਲ ਦੀ ਨਿਯੁਕਤੀ ਅਤੇ ਕੁਝ ਹੋਰ ਨਿਯੁਕਤੀਆਂ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।