Punjab Home Guards Personnel : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਇਸ ਲੜਾਈ ਵਿਚ ਜਿਥੇ ਆਮ ਨਾਗਰਿਕਾਂ ਨੂੰ ਘਰਾਂ ਵਿਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਪੰਜਾਬ ਦੇ ਬਹੁਤ ਸਾਰੇ ਜੋਧੇ ਘਰਾਂ ਤੋਂ ਬਾਹਰ ਰਹਿ ਕੇ ਆਪਣੀਆਂ ਡਿਊਟੀਆਂ ਨਿਭਾ ਕੇ ਇਸ ਲੜਾਈ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਇਸ ਜੰਗ ਵਿਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਤਨਦੇਹੀ ਨਾਲ ਡਿਊਟੀਆਂ ਨਿਭਾ ਰਹੇ ਪੰਜਾਬ ਹੋਮ ਗਾਰਡਜ਼ ਪ੍ਰਸੋਨਲ ਲਈ ਅਤੇ ਸਿਵਲ ਡਿਫੈਂਸ ਪ੍ਰਸੋਨਲ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕ੍ਰਮਵਾਰ ‘ਡੀਜੀ ਹੋਮ ਗਾਰਡਜ਼ ਕਮੈਂਨਡੇਸ਼ਨ ਡਿਸਕ’ ਅਤੇ ‘ਡਾਇਰੈਕਟਰ, ਸਿਵਲ ਡਿਫੈਂਸ ਕਮੈਂਨਡੇਸ਼ਨ ਰੋਲ’ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਡਿਊਟੀਆਂ ਵਿਚ ਸਥਾਈ ਕਰਮਚਾਰੀਆਂ ਅਤੇ ਵਾਲੰਟੀਅਰਾਂ ਤੋਂ ਇਲਾਵਾ ਪੰਜਾਬ ਹੋਮ ਗਾਰਡਜ਼ ਪ੍ਰਸੋਨਲ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ‘ਡੀਜੀ ਹੋਮ ਗਾਰਡਜ਼ ਕਮੈਂਨਡੇਸ਼ਨ ਡਿਸਕ’ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਸਥਾਈ ਕਰਮਚਾਰੀਆਂ ਅਤੇ ਵਲੰਟੀਅਰਾਂ ਤੋਂ ਇਲਾਵਾ ਸਿਵਲ ਡਿਫੈਂਸ ਪ੍ਰਸੋਨਲ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ ‘ਡਾਇਰੈਕਟਰ ਸਿਵਲ ਡਿਫੈਂਸ ਕਮੈਂਨਡੇਸ਼ਨ ਰੋਲ’ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੀਲਡ ਯੂਨਿਟਾਂ ਨੂੰ ਇੱਕ ਹਫ਼ਤੇ ਦੇ ਅੰਦਰ- ਅੰਦਰ ਡੀਜੀ ਹੋਮ ਗਾਰਡਜ਼- ਕਮ- ਡਾਇਰੈਕਟਰ ਸਿਵਲ ਡਿਫੈਂਸ ਨੂੰ ਇਸ ਸਬੰਧੀ ਬਣਦੀਆਂ ਸਿਫਾਰਸ਼ਾਂ ਭੇਜਣ ਲਈ ਕਿਹਾ ਗਿਆ ਹੈ।