Punjabis in favor of farmers in Wellington : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਥੇ ਪੰਜਾਬ ਸਣੇ ਦੇਸ਼ ਭਰ ਦੇ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਅੰਦੋਲਨ ਲਈ ਡਟੇ ਹੋਏ ਹਨ, ਉਥੇ ਹੀ ਵਿਦੇਸ਼ਾਂ ਤੋਂ ਵੀ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਦੇ ਅੜੀਅਲ ਵਤੀਰੇ ਕਾਰਨ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਵਿੱਚ ਵੀ ਮੋਦੀ ਸਰਕਾਰ ਲਈ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਪੰਜਾਬੀਆਂ ਨੇ ਰਾਜਧਾਨੀ ਵਲਿੰਗਟਨ ਵਿੱਚ ਰੋਸ ਮੁਜ਼ਹਾਰਾ ਕੀਤਾ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਭਾਰਤ ਸਰਕਾਰ ਨੂੰ ਸਿਆਸਤ ਤੋਂ ਉਪਰ ਉਠ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ ਸੀ। ਉਥੇ ਹੀ ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਨੇ ਬੀਤੇ ਬੁੱਧਵਾਰ ਵੀ ਵਾਲਿੰਗਟਨ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਸੀ।
ਪਾਰਲੀਮੈਂਟ ਗਰਾਊਂਡ ਵਿੱਚ ਲਗਭਗ 12 ਵਜੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਾਲਿੰਗਟਨ ਅਤੇ ਹੋਰ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ, ਕਮਿਊਨਿਟੀ ਆਗੂ ਅਤੇ ਬਹੁਤ ਸਾਰੇ ਪੰਜਾਬੀ ਆਕਲੈਂਡ, ਟੋਰੰਗਾ, ਟੀਪੁੱਕੀ, ਕ੍ਰਾਈਸਟਚਰਚ ਅਤੇ ਹੋਰ ਕਈ ਸ਼ਹਿਰਾਂ ਤੋਂ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨਾਲ ਭਾਰਤੀ ਮੂਲ ਦੇ ਸੰਸਦ ਮੈਂਬਰ ਡਾ. ਗੌਰਵ ਸ਼ਰਮਾ ਅਤੇ ਟਾਕਾਨਿਨੀ ਤੋਂ ਐੱਮਪੀ ਡਾ. ਨੀਰੂ ਲੇਵਾਸਾ ਨੇ ਗੱਲਬਾਤ ਕੀਤੀ। ਐਕਟ ਪਾਰਟੀ ਦੇ ਆਗੂ ਨੇ ਵੀ ਸੁਪਰੀਮ ਸਿੱਖ ਬੁਲਾਰੇ ਦੇ ਆਗੂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਉਹ ਹਾਈ ਕਮਿਸ਼ਨ ਦੇ ਦਫਤਰ ਵੱਲ ਪਹੁੰਚੇ। ਇਥੇ ਉਨ੍ਹਾਂ ਨੇ ਹਾਈ ਕਮਿਸ਼ਨ ਦੇ ਅਧਿਕਾਰੀ ਪਰਮਜੀਤ ਸਿੰਘ ਅਤੇ ਸੀਜੇ ਕੁਮਾਰ ਨੂੰ ਇੱਕ ਮੰਗ-ਪੱਤਰ ਸੌਂਪਿਆ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਪਰ ਉਹ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨਾਂ ਵੱਲੋਂ ਹੁਣ ਭਾਰਤ ਵਿੱਚ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਉਹ ਪੂਰੇ ਭਾਰਤ ਦੇ ਰੇਲਵੇ ਟਰੈਕ ਬਲਾਕ ਕਰਨਗੇ। ਪੂਰੇ ਦੇਸ਼ ਤੋਂ ਦਿੱਲੀ ਬਾਰਡਰ ‘ਤੇ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਲਗਾਤਾਰ ਸ਼ਾਮਲ ਹੋ ਰਹੇ ਹਨ।