ਬਠਿੰਡਾ : ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਉਥੇ ਫ਼ਸੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਯੂਕਰੇਨ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਨਸਲੀ ਦੁਰਵਤੀਰੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ।
ਇੱਕ ਨਿਊਜ਼ ਚੈਨਲ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਮਾਨਸਾ ਦੇ ਪਿੰਡ ਰੱਲਾ ਦੀ ਮੀਨੂੰ ਕੌਰ ਜੋ ਕਿ ਖਾਰਕੀਵ ਵਿੱਚ ਫਸੀ ਹੋਈ ਹੈ, ਨੇ ਦੱਸਿਆ ਕਿ ਹਾਲਾਤ ਬੇਹੱਦ ਗੰਭੀਰ ਹਨ ਕਿਉਂਕਿ ਲਗਭਗ 700 ਭਾਰਤੀ ਵਿਦਿਆਰਥੀ ਹੋਸਟਲ ਦੇ ਬੇਸਮੈਂਟਾਂ ਵਿੱਚ ਫਸੇ ਹੋਏ ਹਨ ਅਤੇ ਭਾਰਤੀ ਦੂਤਾਵਾਸ ਕੋਈ ਵੀ ਮਦਦ ਨਹੀਂ ਕਰ ਰਿਹਾ ਹੈ। ਜਦੋਂ ਅਸੀਂ ਉਨ੍ਹਾਂ ਨਾਲ ਸੰਪਰਕ ਕਰਦੇ ਹਾਂ, ਤਾਂ ਉਹ ਸਾਨੂੰ ਰੇਲ ਜਾਂ ਬੱਸਾਂ ਰਾਹੀਂ ਸਰਹੱਦਾਂ ‘ਤੇ ਪਹੁੰਚਣ ਲਈ ਕਹਿੰਦੇ ਹਨ। ਕੁਝ ਵਿਦਿਆਰਥੀਆਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਰੇਲਗੱਡੀ ‘ਤੇ ਚੜ੍ਹਨ ਨਹੀਂ ਦਿੱਤਾ ਗਿਆ।
ਉਸਨੇ ਕਿਹਾ ਕਿ ਸਾਡੇ ਕੋਲ ਖਾਣ-ਪੀਣ ਦਾ ਸਾਮਾਨ ਬਹੁਤ ਥੋੜ੍ਹਾ ਰਹਿ ਗਿਆ ਹੈ। ਅਸੀਂ ਲਗਾਤਾਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਬੰਬਾਂ ਅਤੇ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਸੁਣਦੇ ਰਹਿੰਦੇ ਹਾਂ।
ਮੀਨੂੰ ਨੇ ਕਿਹਾ ਕਿ ਬੇਸਮੈਂਟ ਬੰਕਰਾਂ ਵਿੱਚ ਸਾਡੇ ਕੋਲ ਹੀਟਰ ਨਹੀਂ ਹਨ, ਜਦੋਂ ਕਿ ਇੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਹੈ, ਇਸ ਲਈ ਕਈ ਲੋਕ ਬੀਮਾਰ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮੀਨੂੰ ਵੱਲੋਂ ਸਾਂਝੇ ਕੀਤੇ ਗਏ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਯੂਕਰੇਨ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਲੱਤਾਂ-ਘਸੁੰਨਾਂ ਨਾਲ ਕੁੱਟਿਆ ਜਾਂਦਾ ਹੈ, ਘਸੀਟਿਆ ਜਾਂਦਾ ਹੈ ਅਤੇ ਕਈਆਂ ਤੋਂ ਉਨ੍ਹਾਂ ਦੇ ਫੋਨ ਵੀ ਖੋਹ ਲਏ ਗਏ।