ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਮਾਂ ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ 20 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ ਗਈ। ਉਹ ਦੇਰ ਰਾਤ ਕਰੀਬ 12 ਵਜੇ ਈਡੀ ਦਫ਼ਤਰ ਤੋਂ ਬਾਹਰ ਆਇਆ, ਇਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਮਿਲਣ ਪਹੁੰਚੇ। ਇਸ ਮਾਮਲੇ ‘ਚ ਈਡੀ 23 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕਰੇਗੀ।
ਰਾਹੁਲ ਤੋਂ ਈਡੀ ਦੀ ਟੀਮ ਨੇ ਪਿਛਲੇ ਹਫਤੇ ਸੋਮਵਾਰ ਤੋਂ ਬੁੱਧਵਾਰ ਤੱਕ ਲਗਾਤਾਰ 3 ਦਿਨਾਂ ‘ਚ 30 ਘੰਟੇ ਅਤੇ ਸੋਮਵਾਰ ਨੂੰ 12 ਘੰਟੇ ਪੁੱਛਗਿੱਛ ਕੀਤੀ। ਯਾਨੀ 4 ਦਿਨਾਂ ‘ਚ ਰਾਹੁਲ ਤੋਂ ਕਰੀਬ 42 ਘੰਟੇ ਪੁੱਛਗਿੱਛ ਕੀਤੀ ਗਈ। ਕਾਂਗਰਸ ਨੇਤਾਵਾਂ ਨੂੰ ਉਮੀਦ ਸੀ ਕਿ ਸੋਮਵਾਰ ਨੂੰ ਪੁੱਛਗਿੱਛ ਖਤਮ ਹੋ ਜਾਵੇਗੀ ਪਰ ਮੰਗਲਵਾਰ ਨੂੰ ਰਾਹੁਲ ਨੂੰ ਦੁਬਾਰਾ ਸੰਮਨ ਕਰਨ ਤੋਂ ਬਾਅਦ ਪਾਰਟੀ ਨੇਤਾਵਾਂ ਨੇ ਫਿਰ ਤੋਂ ਪ੍ਰਦਰਸ਼ਨ ਦੀ ਤਿਆਰੀ ਕਰ ਲਈ ਹੈ।
ਪਾਰਟੀ ਨੇ ਮੰਗਲਵਾਰ ਨੂੰ ਆਪਣੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਹੈ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਹੁਲ ਦੇ ਪਹਿਲੇ ਤਿੰਨ ਪ੍ਰਦਰਸ਼ਨਾਂ ਵਾਂਗ ਅੱਜ ਵੀ ਦਿੱਲੀ ‘ਚ ਹੰਗਾਮਾ ਹੋਵੇਗਾ।
ਹੁਣ ਤੱਕ ਦੀ ਪੁੱਛਗਿੱਛ ‘ਚ ਈਡੀ ਦੇ ਅਧਿਕਾਰੀ ਰਾਹੁਲ ਦੇ ਜਵਾਬਾਂ ਤੋਂ ਅਸੰਤੁਸ਼ਟ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ- ਲੱਗਦਾ ਹੈ ਕਿ ਹੁਣ ਇਥੇ ਰੋਜ਼ ਆਉਣਾ ਪਏਗਾ, ਕਿਉਂਕਿ ਪੁੱਛ-ਗਿੱਛ ਲੰਬਾ ਸਮਾਂ ਚੱਲੇਗੀ। ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਤੋਂ ਇਲਾਵਾ ਸੋਨੀਆ ਗਾਂਧੀ, ਸੁਮਨ ਦੂਬੇ ਅਤੇ ਸੈਮ ਪਿਤਰੋਦਾ ਵੀ ਦੋਸ਼ੀ ਹਨ। ਦੋ ਮੁਲਜ਼ਮਾਂ ਆਸਕਰ ਫਰਨਾਂਡੀਜ਼ ਅਤੇ ਮੋਤੀਲਾਲ ਵੋਰਾ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: