ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਈ ਦਿਨਾਂ ਤੋਂ ਪਹਾੜਾਂ ‘ਤੇ ਰੁਕ-ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨ ਮਨਾਲੀ ‘ਚ ਭਾਰੀ ਮੀਂਹ ਕਾਰਨ ਤਬਾਹੀ ਹੋਈ ਹੈ।
ਮੀਂਹ ਕਰਕੇ ਮਨਾਲੀ ਵਿੱਚ ਭਜੋਗੀ ਨਾਲੇ ਵਿੱਚ ਹੜ੍ਹ ਆ ਗਿਆ ਹੈ। ਹੜ੍ਹ ਦਾ ਪਾਣੀ ਨੇੜਲੇ ਘਰਾਂ ਅਤੇ ਵੋਲਵੋ ਬੱਸ ਸਟੈਂਡ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਨਾਲਾ ਹਾਈਵੇਅ ਉਪਰੋਂ ਵਹਿਣ ਲੱਗਾ ਅਤੇ ਸਾਰਾ ਪਾਣੀ ਸੜਕ ’ਤੇ ਆ ਗਿਆ। ਹੜ੍ਹ ਤੋਂ ਬਾਅਦ ਮਨਾਲੀ ਵੋਲਵੋ ਬੱਸ ਸਟੈਂਡ ਦੀ ਹਾਲਤ ਖਰਾਬ ਹੋ ਗਈ ਹੈ। ਪੂਰਾ ਬੱਸ ਅੱਡਾ ਨਾਲੇ ਵਿੱਚ ਤਬਦੀਲ ਹੋ ਗਿਆ ਹੈ।
ਪਾਣੀ ਸਿਰਫ਼ ਵੋਲਵੋ ਬੱਸਾਂ ਵਿੱਚ ਹੀ ਨਹੀਂ ਸਗੋਂ ਹਿਮਾਚਲ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਵੀ ਭਰਿਆ ਹੋਇਆ ਹੈ। ਨਾਲ ਹੀ ਸਾਰਾ ਮਲਬਾ ਚੰਡੀਗੜ੍ਹ ਮਨਾਲੀ ਹਾਈਵੇ ‘ਤੇ ਆ ਗਿਆ ਹੈ। ਮਨਾਲੀ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਮੀਂਹ ਕਾਰਨ ਲਾਹੌਲ ਦੀ ਹਾਲਤ ਵੀ ਖਰਾਬ ਹੈ। ਇੱਥੇ ਮੌਸਮ ਖਰਾਬ ਹੋਣ ਦੇ ਨਾਲ-ਨਾਲ ਘਾਟੀ ‘ਚ ਵੀ ਮੀਂਹ ਪੈ ਰਿਹਾ ਹੈ, ਜਿਸ ਕਰਕੇ ਸੜਕ ’ਤੇ ਢਿੱਗਾਂ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਹ ਤਿਲਕਣ ਹੋ ਗਈ ਹੈ। ਲਾਹੌਲ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਸੈਲਾਨੀਆਂ ਨੂੰ ਖ਼ਰਾਬ ਮੌਸਮ ਵਿੱਚ ਬੇਲੋੜੀ ਯਾਤਰਾ ਤੋਂ ਬਚਣ, ਐਮਰਜੈਂਸੀ ਦੀ ਸਥਿਤੀ ਵਿੱਚ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਲਾਹੌਲ ਪੁਲਿਸ ਨੇ ਦੱਸਿਆ ਕਿ ਅਟਲ ਸੁਰੰਗ ਦੇ ਨੇੜੇ ਮੀਂਹ ਕਰਕੇ ਸੜਕ ‘ਤੇ ਪੱਥਰ ਅਤੇ ਦਰੱਖਤ ਡਿੱਗ ਗਏ ਸਨ, ਜਿਸ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਸੜਕ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਹਫ਼ਤੇ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ਵਿੱਚ ਬੱਦਲ ਫਟ ਗਿਆ ਸੀ। ਚੋਜ ਪਿੰਡ ‘ਚ ਬੱਦਲ ਫਟਣ ਤੋਂ ਬਾਅਦ ਕੁੱਲੂ ‘ਚ ਕਾਫੀ ਤਬਾਹੀ ਹੋਈ ਹੈ। ਇੱਥੇ ਕਈ ਕੈਂਪਿੰਗ ਸਾਈਟਾਂ ਤੋਂ ਇਲਾਵਾ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਨਾਲ ਹੀ ਹੜ੍ਹ ‘ਚ ਕਈ ਲੋਕ ਲਾਪਤਾ ਵੀ ਹੋ ਗਏ। ਇਨ੍ਹਾਂ ਲਾਪਤਾ ਨੌਜਵਾਨਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਕੁੱਲੂ ਵਿੱਚ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: