ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫ਼ਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ ਕਿਲੋ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇੱਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਸਣੇ 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ।
ਇਸ ਦੇ ਨਾਲ ਹੀ 4 ਆਈਫੋਨ ਅਤੇ 3.50 ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ। ਇਹ ਬਰਾਮਦਗੀ ਮਕਾਨ ਨੰਬਰ 520, ਸੈਕਟਰ 11ਬੀ, ਪੋਪਲੀ ਦੇ ਸਟੋਰ ਰੂਮ ਵਿੱਚ ਪਏ ਕਾਲੇ ਚਮੜੇ ਦੇ ਬੈਗ ਵਿੱਚੋਂ ਹੋਈ ਹੈ। ਉਸ ਨੂੰ ਲੁਕੋ ਕੇ ਰੱਖਿਆ ਗਿਆ ਸੀ।
ਇਸ ਬਰਾਮਦਗੀ ਦੌਰਾਨ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਪੋਪਲੀ ਨੂੰ ਕੁਝ ਸਮੇਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਸੰਜੇ ਪੋਪਲੀ ਨੇ ਨਵਾਂਸ਼ਹਿਰ ਵਿੱਚ 7.30 ਕਰੋੜ ਦੇ ਸੀਵਰੇਜ ਪ੍ਰਾਜੈਕਟ ਵਿੱਚ ਕਰਨਾਲ ਦੇ ਠੇਕੇਦਾਰ ਤੋਂ 1 ਫੀਸਦੀ ਕਮਿਸ਼ਨ ਮੰਗਿਆ ਸੀ। ਠੇਕੇਦਾਰ ਨੇ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਸੰਜੇ ਵਤਸ ਰਾਹੀਂ 3.50 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪੋਪਲੀ ਦਾ ਸੀਵਰੇਜ ਬੋਰਡ ਦੇ ਸੀ.ਈ.ਓ. ਅਹੁਦੇ ਤੋਂ ਤਬਾਦਲਾ ਹੋ ਗਿਆ। ਇਸ ਦੇ ਬਾਵਜੂਦ ਉਸ ਨੇ ਬਾਕੀ 3.50 ਲੱਖ ਰੁਪਏ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੀ ਰਿਕਾਰਡਿੰਗ ਤੋਂ ਬਾਅਦ ਠੇਕੇਦਾਰ ਨੇ ਸੀ.ਐੱਮ. ਹੈਲਪਲਾਈਨ ‘ਤੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਉਸ ਦੇ ਘਰ ਦੀ ਤਲਾਸ਼ੀ ਲਈ। ਉਥੋਂ 73 ਕਾਰਤੂਸ ਬਰਾਮਦ ਹੋਏ। ਇਨ੍ਹਾਂ ਵਿੱਚ 7.65 ਐਮਐਮ ਦੇ 41 ਕਾਰਤੂਸ, .32 ਬੋਰ ਦੇ 2 ਅਤੇ .22 ਬੋਰ ਦੇ 30 ਕਾਰਤੂਸ ਸ਼ਾਮਲ ਹਨ, ਜਿਸ ਕਾਰਨ ਪੋਪਲੀ ਖਿਲਾਫ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ।