Refusal to serve alcohol : ਖੰਨਾ ਵਿਖੇ ਦੋਰਾਹਾ ਵਿਚ ਪੈਂਦੇ ਪਿੰਡ ਕੱਦੋਂ ਵਿਚ ਸ਼ਰਾਬ ਠੇਕੇ ‘ਚ ਦੇਰ ਰਾਤ ਅਹਾਤੇ ‘ਤੇ ਕੰਮ ਕਰਨ ਵਾਲੇ 28 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਅਹਾਤੇ ’ਤੇ ਆਏ ਕੁਝ ਵਿਅਕਤੀਆਂ ਨੂੰ ਸ਼ਰਾਬ ਦੇਣ ਤੋਂ ਇਨਕਾਰ ਕੀਤਾ ਸੀ, ਜਿਸ ’ਤੇ ਉਨ੍ਹਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਠੇਕੇ ਤੋਂ ਸਰਾਬ ਲੈਣ ਆਏ ਸੀ ਪਰ ਸਰਕਾਰ ਦੇ ਹੁਕਮਾਂ ਮੁਤਾਬਤ 6 ਵਜੇ ਠੇਕੇ ਬੰਦ ਕਰ ਦਿੱਤੇ ਜਾਂਦੇ ਹਨ। ਇਸ ਕਾਰਨ ਠੇਕੇ ’ਤੇ ਕੰਮ ਕਰਨ ਵਾਲੇ ਨੌਜਵਾਨ ਵੱਲੋਂ ਸਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਠੇਕੇ ‘ਤੇ ਸ਼ਰਾਬ ਵੇਚਣ ਵਾਲਾ ਕਰਿੰਦਾ ਉੱਥੋਂ ਭੱਜ ਗਿਆ ਪਰ ਮੁਲਜ਼ਮਾਂ ਨੇ ਸ਼ਰਾਬ ਦੇ ਅਹਾਤੇ ‘ਤੇ ਕੰਮ ਕਰਨ ਵਾਲੇ ਲੜਕੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਅਹਾਤੇ ਪਿੱਛੇ ਖੇਤਾਂ ‘ਚ ਉਸ ਦੀ ਲਾਸ਼ ਨੂੰ ਸੁੱਟ ਦਿੱਤਾ। ਮ੍ਰਿਤਕ ਲੜਕੇ ਦਾ ਨਾਂ ਬਬਲੂ ਸੀ।
ਮੌਕੇ ‘ਤੇ ਜਾਂਚ ਕਰ ਰਹੇ ਐਸਐਚਓ ਦੋਰਾਹਾ ਦਵਿੰਦਰ ਪਾਲ ਨੇ ਦੱਸਿਆ ਕਿ ਦੇਰ ਰਾਤ ਠੇਕੇ ‘ਤੇ ਸ਼ਰਾਬ ਦੇਣ ਤੋਂ ਇਨਕਾਰ ਕਰਨ ਕਰਕੇ ਕੁਝ ਲੋਕਾਂ ਨੇ ਗੁੱਸੇ ‘ਚ ਕਤਲ ਕਰ ਦਿੱਤਾ। ਇਸ ਦੀ ਜਾਂਚ ਕਰ ਕਾਰਵਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਮਲਾਵਰਾਂ ਵਿਚੋਂ ਕੁਝ ਦੀ ਪਛਾਣ ਹੋ ਗਈ ਹੈ ਤੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਈ ਹੈ। ਇਸ ਦੇ ਨਾਲ ਹੀ ਫਰਾਰ ਦੋਸ਼ੀਆਂ ਨੂੰ ਫੜਨ ਸਬੰਧੀ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।