ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਗਿਆਰਵੀਂ ਜਮਾਤ ਵਿੱਚ ਦਾਖ਼ਲੇ ਲਈ ਸੰਘਰਸ਼ ਨਹੀਂ ਕਰਨਾ ਪਵੇਗਾ। ਹਰ ਸਾਲ ਦਾਖ਼ਲੇ ਦੌਰਾਨ ਆਉਂਦੀਆਂ ਮੁਸ਼ਕਲਾਂ ਅਤੇ ਮਾਪਿਆਂ ਦੀਆਂ ਮੰਗਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਵਿੱਚ ਗਿਆਰਵੀਂ ਜਮਾਤ ਵਿੱਚ ਦਾਖ਼ਲਿਆਂ ਲਈ ਰਾਖਵਾਂਕਰਨ ਨੀਤੀ ਬਣਾਈ ਹੈ। ਇਸ ਤਹਿਤ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ 85 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚੋਂ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਹੀ ਰਾਖਵੀਆਂ ਹੋਣਗੀਆਂ।
ਦੱਸ ਦਈਏ ਕਿ ਚੰਡੀਗੜ੍ਹ ‘ਚ ਦਾਖਲੇ ਲਈ ਪਹਿਲੀ ਵਾਰ ਸਕੂਲ ਪੱਧਰ ‘ਤੇ ਰਾਖਵੇਂਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੀ ਨਵੀਂ ਨੀਤੀ ਮੁਤਾਬਕ 11ਵੀਂ ਜਮਾਤ ਦੀਆਂ 13,875 ਸੀਟਾਂ ਵਿੱਚੋਂ ਕਰੀਬ 11,794 ਸੀਟਾਂ ਸਰਕਾਰੀ ਸਕੂਲਾਂ ਵਿੱਚੋਂ ਪਾਸ ਆਊਟ ਹੋਣ ਵਾਲੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ। ਇਸ ਦੇ ਲਈ ਵਿਦਿਆਰਥੀਆਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਸ ਦੇ ਆਧਾਰ ‘ਤੇ ਉਨ੍ਹਾਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸ ਫੈਸਲੇ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਚੁੱਕੇ ਵਿਦਿਆਰਥੀਆਂ ਨੂੰ ਹੁਣ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਸੰਘਰਸ਼ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਘੱਟ ਹੋਣ ਕਾਰਨ 11ਵੀਂ ਜਮਾਤ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਵਿੱਚ ਮਾਰਾਮਾਰੀ ਹੁੰਦੀ ਰਹਿੰਦੀ ਹੈ। ਸ਼ਹਿਰ ਦੇ ਲੋਕਾਂ ਦੀ ਸ਼ਿਕਾਇਤ ਸੀ ਕਿ ਸੈਂਟਰਲਾਈਜ਼ਡ ਐਡਮਿਸ਼ਨ ਕਾਰਨ ਸ਼ਹਿਰ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ, ਜਦੋਂ ਕਿ ਚੰਡੀਗੜ੍ਹ ਤੋਂ ਬਾਹਰਲੇ ਵਿਦਿਆਰਥੀ ਸਕੂਲ ਵਿੱਚ ਦਾਖਲਾ ਲੈ ਜਾਂਦੇ ਹਨ। ਅਜਿਹਾ ਹੋਣ ਤੋਂ ਰੋਕਣ ਲਈ ਵਿਭਾਗ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਪਾਸ ਆਊਟ ਵਿਦਿਆਰਥੀਆਂ ਲਈ 85 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਹਨ।
ਕੁੱਲ ਸੀਟਾਂ ਦੇ 15 ਫੀਸਦੀ ਜਾਂ ਲਗਭਗ 2081 ਸੀਟਾਂ ਲਈ ਚੰਡੀਗੜ੍ਹ ਅਤੇ ਹੋਰ ਰਾਜਾਂ ਅਤੇ ਬੋਰਡਾਂ ਦੇ ਪ੍ਰਾਈਵੇਟ ਸਕੂਲਾਂ ਤੋਂ ਪਾਸ ਆਊਟ ਹੋਏ ਵਿਦਿਆਰਥੀਆਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਜੇ ਸੀਟਾਂ ਰਾਖਵੀਆਂ ਸ਼੍ਰੇਣੀਆਂ ਵਿੱਚ ਰਹਿੰਦੀਆਂ ਹਨ ਤਾਂ ਉਨ੍ਹਾਂ ਨੂੰ ਜਨਰਲ ਵਰਗ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। 10ਵੀਂ ਦੇ ਨਤੀਜੇ ਤੋਂ ਬਾਅਦ ਸਕੂਲਾਂ ਦਾ ਪ੍ਰਾਸਪੈਕਟਸ ਵਿਭਾਗ ਦੀ ਵੈੱਬਸਾਈਟ https://www.chdeducation.gov.in ‘ਤੇ ਅਪਲੋਡ ਕੀਤਾ ਜਾਵੇਗਾ,। ਰਜਿਸਟ੍ਰੇਸ਼ਨ ਫੀਸ 200 ਰੁਪਏ ਹੋਵੇਗੀ।
ਦਰਅਸਲ, ਚੰਡੀਗੜ੍ਹ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਕੁੱਲ 15 ਕਾਲਜਾਂ ਵਿੱਚ ਬੀਏ, ਬੀਬੀਏ, ਬੀ.ਕਾਮ, ਬੀਸੀਏ (ਸਾਰੇ ਵਿਗਿਆਨ ਅਤੇ ਗਣਿਤ ਕੋਰਸ), ਫਾਈਨ ਆਰਟਸ ਸਮੇਤ ਸਾਰੇ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ 85 ਫੀਸਦੀ ਰਾਖਵਾਂਕਰਨ ਮਿਲਦਾ ਹੈ। ਅਜਿਹੀ ਸਥਿਤੀ ਵਿੱਚ ਹਰ ਸਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਬੱਚੇ ਚੰਡੀਗੜ੍ਹ ਦੇ ਕਾਲਜਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਗਿਆਰ੍ਹਵੀਂ ਜਮਾਤ ਵਿੱਚ ਚੰਡੀਗੜ੍ਹ ਦੇ ਸਕੂਲਾਂ ਵਿੱਚ ਦਾਖਲਾ ਲੈ ਲੈਂਦੇ ਸਨ। ਇਸ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਾਖ਼ਲਾ ਨਹੀਂ ਮਿਲ ਪਾਉਂਦਾ ਸੀ। ਸ਼ਹਿਰ ਦੀ ਪੇਰੈਂਟਸ ਐਸੋਸੀਏਸ਼ਨ ਅਤੇ ਮਾਪੇ, ਸਕੂਲ ਸੰਚਾਲਕ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਗਿਆਰਵੀਂ ਵਿੱਚ ਦਾਖਲੇ ਲਈ ਸ਼ਹਿਰ ਦੇ ਬੱਚਿਆਂ ਨੂੰ ਰਾਖਵਾਂਕਰਨ ਦਿੱਤਾ ਜਾਏ। ਪ੍ਰਸ਼ਾਸਨ ਨੇ ਹੁਣ ਇਸ ‘ਤੇ ਫੈਸਲਾ ਲੈਂਦੇ ਹੋਏ ਸ਼ਹਿਰ ਦੇ ਮਾਪਿਆਂ ਤੇ ਬੱਚਿਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ : ਫਿਰ ਕੰਬੀ ਇੰਡੋਨੇਸ਼ੀਆ ਦੀ ਧਰਤੀ, 7.3 ਤੀਬਰਤਾ ਵਾਲਾ ਆਇਆ ਭੂਚਾਲ, ਸੁਨਾਮੀ ਅਲਰਟ ਤੋਂ ਸਹਿਮੇ ਲੋਕ
ਦੱਸ ਦੇਈਏ ਕਿ 11ਵੀਂ ਵਿੱਚ ਸਾਇੰਸ (ਮੈਡੀਕਲ, ਨਾਨ ਮੈਡੀਕਲ) ਵਿੱਚ 3080 ਸੀਟਾਂ, ਕਾਮਰਸ ‘ਚ 1980, ਆਰਟਸ ‘ਚ 7060, ਇਲੈਕਟਿਵ/ਸਕਿੱਲ ਕੋਰਸ ‘ਚ 1755 ਸੀਟਾਂ ਹਨ। ਕੁਲ ਮਿਲਾ ਕੇ ਸਾਰੀਆਂ ਫੈਕਲਟੀਆਂ ਵਿੱਚ 13875 ਸੀਟਾਂ ਹਨ।
ਸਕੂਲ ਸਿੱਖਿਆ ਚੰਡੀਗੜ੍ਹ ਦੇ ਡਾਇਰੈਕਟਰ ਡਾ. ਐਚ.ਐਸ ਬਰਾੜ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ 11ਵੀਂ ਜਮਾਤ ਵਿੱਚ ਦਾਖ਼ਲੇ ਲਈ 85 ਫ਼ੀਸਦੀ ਸੀਟਾਂ ਰਾਖਵੀਆਂ ਹੋਣਗੀਆਂ। ਦਾਖਲਾ ਮੈਰਿਟ ਦੇ ਆਧਾਰ ‘ਤੇ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: