ਇਸਲਾਮ ਵਿੱਚ ਚਾਚੇ, ਮਾਮਲੇ, ਮਾਸੀ ਜਾਂ ਫੁੱਫੜ ਦੀ ਧੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਉੰਝ ਤਾਂ ਨਿਕਾਹ ਦੀ ਇਹ ਵਿਵਸਥਾ ਪੂਰੀ ਤਰ੍ਹਾਂ ਬਦਲਵੀਂ ਹੈ ਪਰ ਪਾਕਿਸਤਾਨ ਦੇ ਕੁਝ ਕਸਬਿਆਂ ਵਿੱਚ ਨੇੜਲੀ ਰਿਸ਼ਤੇਦਾਰੀ ਵਿੱਚ ਵਿਆਹ ਨੂੰ ਇਕ ਰਿਵਾਇਤ ਵਜੋਂ ਵੇਖਿਆ ਜਾਂਦਾ ਹੈ।
ਹਾਲਾਂਕਿ ਨੇੜਲੀ ਰਿਸ਼ਤੇਦਾਰੀ ਵਿੱਚ ਵਿਆਹ ਦੀ ਰਵਾਇਤ ਕਿਸੇ ਇੱਕ ਮਜ਼੍ਹਬ ਜਾਂ ਸਿਰਫ ਪਾਕਿਸਤਾਨ ਨਾਲ ਜੁੜੀ ਨਹੀਂ ਹੈ। ਹੋਰ ਵੀ ਕਈ ਥਾਵਾਂ ‘ਤੇ ਇਸ ਤਰ੍ਹਾਂ ਵਿਆਹ ਕੀਤੇ ਜਾਂਦੇ ਹਨ। ਕਈ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਸ ਰਿਵਾਜ ਨਾਲ ਜੇਨੇਟਿਕ ਡਿਸਆਰਡਰ ਦੇ ਮਾਮਲੇ ਵਧ ਰਹੇ ਹਨ।
ਜਰਮਨੀ ਦੇ ਇੱਕ ਨਿਊਜ਼ ਚੈਨਲ ਨੇ ਪਾਕਿਸਤਾਨ ਦੇ ਉਨ੍ਹਾਂ ਲੋਕਾਂ ‘ਤੇ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ ਜੋ ਵਿਆਹ ਦੀ ਰਿਵਾਇਤ ਨੂੰ ਅਪਣਾ ਰਹੇ ਹਨ। ਇਸ ਇੰਟਰਵਿਊ ਵਿੱਚ ਲੋਕਾਂ ਨੇ ਆਪਣੇ ਨਿੱਜੀ ਤਜ਼ਰਬੇ ਵੰਡੇ ਹਨ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਰਹਿਣ ਵਾਲੇ 56 ਸਾਲ ਦੇ ਗਫੂਰ ਹੁਸੈਨ ਸ਼ਾਹ ਦੇ 8 ਬੱਚੇ ਹਨ। ਸ਼ਾਹ ਨੇ ਕਿਹਾ ਕਿ ਇਥੇ ਦੇ ਆਦਿਵਾਸੀ ਰੀਤੀ-ਰਿਵਾਜਾਂ ਮੁਤਾਬਕ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਦਾ ਵਿਆਹ ਪਰਿਵਾਰ ਦੀ ਨੇੜਲੀ ਰਿਸ਼ਤੇਦਾਰੀ ਵਿੱਚ ਹੀ ਕਰਨ। ਸ਼ਾਹ ਇਸ ਤਰ੍ਹਾਂ ਦੇ ਵਿਆਹਾਂ ਤੋਂ ਮਗਰੋਂ ਹੋਣ ਵਾਲੇ ਬੱਚਿਆਂ ਵਿੱਚ ਪ੍ਰਚਲਿਤ ਜੇਨੇਟਿਕ ਖਤਰਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੇ 1987 ਵਿੱਚ ਆਪਣੇ ਮਾਮੇ ਦੀ ਧੀ ਨਾਲ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਕਿਸੇ ਨਾ ਕਿਸੇ ਸਿਹਤ ਸੰਬੰਧੀ ਡਿਸਆਰਡਰ ਨਾਲ ਜੂਝ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇੱਕ ਬੇਟੇ ਦਾ ਦਿਮਾਗ ਆਮ ਆਕਾਰ ਵਿੱਚ ਵਿਕਿਸਤ ਨਹੀਂ ਹੋਇਆ। ਇੱਕ ਧੀ ਨੂੰ ਬੋਲਣ ਵਿੱਚ ਤੇ ਦੂਜੀ ਨੂੰ ਸੁਣਨ ਵਿੱਚ ਮੁਸ਼ਕਲ ਆ ਰਹੀ ਹੈ। ਸ਼ਾਹ ਨੇ ਦੱਸਆ ਕਿ ਜੇ ਅਜਿਹੇ ਵਿਆਹ ਕਰਨ ਤੋਂ ਅਸੀਂ ਇਨਕਾਰ ਕਰਦੇ ਹਾਂ ਤਾਂ ਸਾਡਾ ਸਮਾਜ ਤੋਂ ਬਾਈਕਾਟ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਇੱਕ ਪੁੱਤਰ ਤੇ ਦੋ ਧੀਆਂ ਦਾ ਵਿਆਹ ਨੇੜਲੀ ਰਿਸ਼ਤੇਦਾਰੀ ਵਿੱਚ ਕੀਤਾ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਡਿਸਆਰਡਰ ਇਨਬ੍ਰੀਡਿੰਗ ਕਰਕੇ ਹੈ।
ਦਰਅਸਲ ਨੇੜਲੇ ਰਿਸ਼ਤੇਦਾਰੀ ਵਿੱਚ ਵਿਆਹ ਨਾਲ ਸਮੱਸਿਆ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਕਿਸੇ ਇੱਕ ਸਾਥੀ ਵਿੱਚ ਕਿਸੇ ਤਰ੍ਹਾਂ ਦੀ ਜੈਨੇਟਿਕ ਬੀਮਾਰੀ ਹੋਵੇ। ਭਾਈਚਾਰੇ ਅੰਦਰ ਵਿਆਹ ਕਰਨ ‘ਤੇ ਹੋ ਸਕਦਾ ਹੈ ਕਿ ਜੀਵਨ ਸਾਥੀ ਵਿੱਚ ਵੀ ਇਹੀ ਜੈਨੇਟਿਕ ਸਮੱਸਿਆ ਹੋਵੇ। ਅਜਿਹੇ ਵਿੱਚ ਹੋਣ ਵਾਲੇ ਬੱਚੇ ਨੂੰ ਜੀਨ ਵਿੱਚ ਦੋ ਡਿਸਆਰਡਰ ਮਿਲਦੇ ਹਨ ਤੇ ਉਸ ਵਿੱਚ ਡਿਸਆਰਡਰ ਦੀ ਸੰਭਾਵਨਾ ਵਧ ਜਾਂਦੀ ਹੈ। ਦੂਜੇ ਪਾਸੇ ਭਾਈਚਾਰੇ ਤੋਂ ਬਾਹਰ ਵਿਆਹ ਕਰਨ ‘ਤੇ ਜੀਨ ਪੂਲ ਵੱਡਾ ਹੋ ਜਾਂਦਾ ਹੈ ਤੇ ਬੱਚੇ ਨੂੰ ਮਾਪਿਆਂ ਤੋਂ ਜੈਨੇਟਿਕ ਤੌਰ ‘ਤੇ ਸਮੱਸਿਆ ਮਿਲਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
2017 ਦੀ ਪਾਕਿਸਤਾਨ ਵਿੱਚ ਜੇਨੇਟਿਕ ਮਿਊਟੇਸ਼ਨ ‘ਤੇ ਇੱਕ ਰਿਪੋਰਟ ਵਿੱਚ ਮਿਊਟੇਸ਼ਨ ਦੀ ਕਿਸਮ ਤੇ ਉਨ੍ਹਾਂ ਨਾਲ ਸਬੰਧਤ ਡਿਸਆਰਡਰ ਨੂੰ ਟਰੈਕ ਕੀਤਾ ਗਿਆ ਹੈ। ਰਿਪੋਰਟ ਦੇ ਡਾਟਾਬੇਸ ਮੁਤਾਬਕ ਪਾਕਿਸਤਾਨ ਵਿੱਚ ਖੂਨ ਦੇ ਰਿਸ਼ਤਿਆਂ ਵਿੱਚ ਵਿਆਹ ਹੋਣ ਨਾਲ ਜੈਨੇਟਿਕ ਡਿਸਆਰਡਰ ਵਧ ਰਹੇ ਹਨ। ਇਕ ਡੇਟਾਬੇਸ ਮੁਤਾਬਕ ਪਾਕਿਸਤਾਨ ਵਿੱਚ ਪਾਏ ਜਾਣ ਵਾਲੇ 130 ਵੱਖ-ਵੱਖ ਤਰ੍ਹਾਂ ਦੇ ਜੈਨੇਟਿਕ ਡਿਸਆਰਡਰ ਵਿੱਚ 1,000 ਤੋਂ ਵੱਧ ਮਿਊਟੇਸ਼ਨ ਪਾਏ ਗਏ ਹਨ।
ਬਾਲ ਰੋਗ ਮਾਹਰ ਹੁਮਾ ਚੀਮਾ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਇਨਬ੍ਰੀਡਿੰਗ ਕਰਕੇ ਬਹੁਤ ਜ਼ਿਆਦਾ ਜੇਨੇਟਿਕ ਡਿਸਆਰਡਰ ਦੇ ਮਾਮਲੇ ਆਉਂਦੇ ਹਨ ਕਿਉਂਕਿ ਕਈ ਕਬਿਲਿਆਂ ਵਿੱਚ ਇੰਟਰ ਮੈਰਿਜਿਸ ਹੁੰਦੀਆਂ ਹਨ। ਪਾਕਿਸਤਾਨ ਵਿੱਚ ਫਿਲਹਾਲ ਸਭ ਤੋਂ ਆਮ ਸਮੱਸਿਆ ਵਿੱਚ ਜੈਨੇਟਿਕ ਬਲੱਡ ਡਿਸਆਰਡਰ ਥੈਲੇਸੀਮੀਆ ਹੈ। ਦੂਜੇ ਪਾਸੇ ਇਥੇ ਜੈਨੇਟਿਕ ਡਿਸਆਰਡਰ ਦੇ ਇਲਾਜ ਦੀ ਵੀ ਕਮੀ ਹੈ।
ਪਾਕਿਸਤਾਨ ਦੇ ਪੱਛਮੀ ਸੂਬੇ ਬਲੂਚਿਸਤਾਨ ਵਿੱਚ, ਸਿੰਧ ਦਾ ਦੱਖਣੀ ਇਲਾਕਾ ਤੇ ਉੱਤਰ-ਪੱਛਮੀ ਸੂਬਿਆਂ ਵਿੱਚ ਕਬੀਲੇ ਦੀ ਵਿਵਸਥਾ ਇੰਨੀ ਮਜ਼ਬੂਤ ਹੈ ਕਿ ਪਰਿਵਾਰ ਇਨ੍ਹਾਂ ਮੁਤਾਬਕ ਹੀ ਚੱਲਦੇ ਹਨ।
ਯੂਕੇ ਵਿੱਚ ਅਜਿਹੇ ਵਿਆਹਾਂ ਤੋਂ ਪੈਦਾ ਹੋਏ 11,000 ਤੋਂ ਵੱਧ ਬੱਚਿਆਂ ‘ਤੇ ਸਟੱਡੀ ਕੀਤੀ ਗਈ ਜਿਨ੍ਹਾਂ ਵਿੱਚ 386 ਵਿੱਚ ਜਮਾਂਦਰੂ ਵਿਕਾਰ ਪਾਏ ਗਏ, ਜਦਕਿ ਭਾਈਚਾਰੇ ਤੋਂ ਬਾਹਰ ਹੋਣ ਵਾਲੇ ਵਿਆਹਾਂ ‘ਚ ਜਮਾਂਦਰੂ ਵਿਕਾਰਾਂ ਦਾ ਅੰਕੜਾ 1.6 ਫੀਸਦੀ ਸੀ।