ਜਲੰਧਰ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਚ ਅੱਜ ਲੋਕਾਂ ਨੂੰ ਸੜਕਾਂ ਜਾਮ ਦਾ ਸਾਹਮਣਾ ਪੈ ਸਕਦਾ ਹੈ। ਅੱਜ ਦੋਆਬਾ-ਮਾਝਾ ਅਤੇ ਮਾਲਵੇ ਦੇ ਤਿੰਨੋਂ ਖੇਤਰਾਂ ਵਿੱਚ ਕਿਸਾਨ ਧਰਨੇ ਦੇ ਕੇ ਸੜਕਾਂ ਜਾਮ ਕਰਨ ਜਾ ਰਹੇ ਹਨ। ਗੰਨੇ ਦੇ ਰੇਟ ਅਤੇ ਖੰਡ ਮਿੱਲਾਂ ਤੋਂ ਪਿਛਲੇ ਬਕਾਏ ਨਾ ਮਿਲਣ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਸੂਹਾ ਸ਼ੂਗਰ ਮਿੱਲ ਨੇੜੇ, ਗੁਰਦਾਸਪੁਰ ਵਿੱਚ ਧਾਰੀਵਾਲ ਚੌਕ ਜਾਂ ਬਾਈਪਾਸ, ਸਰਹਿੰਦ ਵਿੱਚ ਪੁਲਿਸ ਸਟੇਸ਼ਨ ਨੇੜੇ, ਤਪਾਮੰਡੀ, ਬੱਲੂਆਣਾ ਤੇ ਫਿਰੋਜ਼ਪੁਰ ਵਿੱਚ ਸ੍ਰੀ ਗੰਗਾਨਗਰ-ਬਠਿੰਡਾ ਰੋਡ ’ਤੇ ਧਰਨੇ ਦਿੱਤੇ ਜਾਣਗੇ। ਇਨ੍ਹਾਂ ਸਾਰੀਆਂ ਥਾਵਾਂ ’ਤੇ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲਾ ਕੇ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਕਰਨਗੇ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦੇ 420 ਕਰੋੜ ਰੁਪਏ ਬਕਾਇਆ ਹਨ। ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਅਦਾਇਗੀ ਨਹੀਂ ਕੀਤੀ ਗਈ। ਸਰਕਾਰ ਨਾਲ ਸਮਝੌਤਾ ਹੋਇਆ ਸੀ ਕਿ ਗੰਨੇ ਦੀ ਨਵੀਂ ਕੀਮਤ 450 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਜਾਵੇਗੀ ਪਰ ਅਜੇ ਤੱਕ ਨਵੀਂ ਟੈਕਸ ਦਰ ਲਾਗੂ ਨਹੀਂ ਕੀਤੀ ਗਈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਹੋਣਾ ਕਿਸਾਨਾਂ ਲਈ ਘਾਟੇ ਦਾ ਸੌਦਾ ਹੈ। ਬੀਜਾਂ, ਖਾਦਾਂ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਕੀਟਨਾਸ਼ਕਾਂ ਅਤੇ ਹੋਰ ਦਵਾਈਆਂ ਦੀਆਂ ਕੀਮਤਾਂ ਅਸਮਾਨ ‘ਤੇ ਪਹੁੰਚ ਗਈਆਂ ਹਨ ਪਰ ਸਰਕਾਰ ਗੰਨੇ ਦੀ ਕੀਮਤ ਨਹੀਂ ਵਧਾ ਰਹੀ। ਗੜੇਮਾਰੀ ਕਰਕੇ ਕਿਸਾਨਾਂ ਦੀ ਖਰਾਬ ਹੋਈ ਫਸਲ ਅਤੇ ਕੰਡਿਆਲੀ ਤਾਰ ਤੋਂ ਪਾਰ ਦੀ ਜ਼ਮੀਨ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।
ਸਰਕਾਰ ਨੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਸਿੰਚਾਈ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਨ੍ਹਾਂ ਸਾਰੇ ਕਾਰਨਾਂ ਕਰਕੇ ਅੱਜ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: