ਜਲੰਧਰ: ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਾ ਅਹੁਦਾ ਮਿਲਦੇ ਹੀ ਸਰਕਾਰ ਤੋਂ ਨਾਰਾਜ਼ ਮੁਲਾਜ਼ਮਾਂ ਦੀਆਂ ਉਮੀਦਾਂ ਵਿਧਾਇਕ ਪਰਗਟ ਸਿੰਘ ਨਾਲ ਬੱਝ ਗਈਆਂ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਠੇਕਾ ਕਰਮਚਾਰੀਆਂ ਨੇ ਅੱਜ ਪਰਗਟ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਨੂੰ ਇੱਕ ਮੰਗਪੱਤਰ ਸੌਂਪਿਆ।
ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਯੂਨੀਅਨ ਦੇ ਪ੍ਰਧਾਨ ਚੰਨਣ ਸਿੰਘ ਨੇ ਕਿਹਾ ਕਿ ਕਰਮਚਾਰੀ 6 ਦਿਨਾਂ ਤੋਂ ਹੜਤਾਲ ‘ਤੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ।
ਇਸ ਦੇ ਨਾਲ ਹੀ ਵਿਧਾਇਕ ਪਰਗਟ ਸਿੰਘ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਨੂੰ ਮਿਲਣਗੇ। ਮੁੱਖ ਮੰਤਰੀ ਨਾਲ ਮੁਲਾਜ਼ਮਾਂ ਦੀ ਮੀਟਿੰਗ 14 ਸਤੰਬਰ ਨੂੰ ਹੋਣੀ ਹੈ। ਜੇ ਮੈਨੂੰ ਇਸ ਮੀਟਿੰਗ ਵਿੱਚ ਬੁਲਾਇਆ ਜਾਂਦਾ ਹੈ, ਤਾਂ ਮੈਂ ਤੁਹਾਡੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖਾਂਗਾ ਤਾਂ ਜੋ ਇਹ ਮੁੱਦਾ ਜਲਦੀ ਹੱਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ‘ਚ ਭਤੀਜੇ ਸੁਮਿਤ ਨਾਲ ਪਹੁੰਚਣ ‘ਤੇ ਅਕਾਲੀ ਦਲ ਦੇ ਨਿਸ਼ਾਨੇ ‘ਤੇ ਸਿੱਧੂ, ਕਾਂਗਰਸ ਨੂੰ ਵੀ ਕੀਤੀ ਟਿੱਚਰ
ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਤਨਾਤਨੀ ਅਜੇ ਵੀ ਕਾਇਮ ਹੈ। ਮੁਲਾਜ਼ਮਾਂ ਦੀ ਸਮੱਸਿਆ ਦਾ ਕੋਈ ਹੱਲ ਦਿਖਦਾ ਨਜ਼ਰ ਨਹੀਂ ਆ ਰਿਹਾ। 2000 ਸਰਕਾਰੀ ਬੱਸਾਂ ਦੇ ਪਹੀਏ 7ਵੇਂ ਦਿਨ ਵੀ ਜਾਮ ਰਹੇ। ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ। ਇਸ ਕਾਰਨ ਮੁਸਾਫਰਾਂ ਅਤੇ ਖਾਸ ਕਰਕੇ ਮੁਫਤ ਸਫਰ ਸਹੂਲਤ ਵਾਲੀਆਂ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲੀ ਕਰਮਚਾਰੀਆਂ ਦੀ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣੀ ਹੈ।