Robbers flee from ATM : ਰੋਪੜ ਜ਼ਿਲੇ ਦੇ ਨੂਰਪੁਰ ਬੇਦੀ ਕਸਬੇ ਵਿੱਚ ਬੀਤੀ ਵੀਰਵਾਰ ਰਾਤ ਨੂੰ ਬਦਮਾਸ਼ਾਂ ਨੇ ਐਸਬੀਆਈ ਏਟੀਐਮ ਉੱਤੇ ਹਮਲਾ ਕਰ ਦਿੱਤਾ, ਜਿਥੋਂ ਲੁਟੇਰੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 19 ਲੱਖ 17 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਗੈਸ ਕਟਰਾਂ ਦੀ ਮਦਦ ਨਾਲ ਏਟੀਐੱਮ ਮਸ਼ੀਨ ਕੱਟ ਕੇ ਲੱਟ ਕੀਤੀ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮਾਂ ਨੇ ਸੀਸੀਟੀਵੀ ਕੈਮਰੇ ’ਤੇ ਸਪਰੇਅ ਕੀਤੇ, ਜਿਸ ਕਾਰਨ ਉਨ੍ਹਾਂ ਦੀ ਪਛਾਣ ਵਿੱਚ ਕਾਫ਼ੀ ਦਿੱਕਤ ਆ ਸਕਦੀ ਹੈ।
ਇਹ ਘਟਨਾ ਪਿੰਡ ਬਜਰੂੜ ਇਲਾਕੇ ਵਿੱਚ ਸਥਿਤ ਐਸਬੀਆਈ ਦੇ ਏਟੀਐਮ ’ਤੇ ਵਾਪਰੀ। ਏਟੀਐਮ ਦੀ ਲੁੱਟ ਦੀ ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਦੇ ਅਨੁਸਾਰ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ 1:55 ਤੋਂ 2:10 ਵਜੇ ਦੇ ਵਿਚਕਾਰ ਸਿਰਫ 15 ਮਿੰਟ ਵਿਚ ਕੀਤਾ ਗਿਆ ਹੈ। ਇਹ ਇੱਕ ਪ੍ਰੋਫੈਸ਼ਨਲ ਗਿਰੋਹ ਦਾ ਕੰਮ ਹੋ ਸਕਦਾ ਹੈ। ਵੀਰਵਾਰ ਦੀ ਰਾਤ ਨੂੰ ਚੋਰਾਂ ਨੇ ਪਹਿਲਾਂ ਗੈਸ ਕਟਰ ਨਾਲ ਏਟੀਐਮ ਦੇ ਸ਼ਟਰ ਨੂੰ ਕੱਟਿਆ ਅਤੇ ਏਟੀਐੱਮ ਕੱਟਕੇ ਉਸ ਵਿੱਚ ਪਈ ਨਕਦੀ ਨੂੰ ਉਡਾ ਲੈ ਗਏ। ਬੈਂਕ ਕਰਮਚਾਰੀਆਂ ਅਨੁਸਾਰ ਸੁਰੱਖਿਆ ਕਰਮਚਾਰੀ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਇਥੇ ਰਹਿੰਦੇ ਹਨ। ਰਾਤ ਨੂੰ ਜਾਣ ਵੇਲੇ ਏਟੀਐਮ ਦੇ ਸ਼ਟਰ ਨੂੰ ਤਾਲਾ ਲਗਾ ਕੇ ਬੰਦ ਕਰ ਦਿੰਦਾ ਹੈ। ਦੂਜੇ ਪਾਸੇ ਏਐਸਆਈ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਸੀਸੀਟੀਵੀ ਕੈਮਰਿਆਂ ’ਤੇ ਸਪ੍ਰੇਅ ਕਰ ਦਿੱਤਾ ਸੀ। ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ। ਟੀਮ ਦੀ ਤਰਫੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।