ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀ ਚਰਚਾ ਹੈ। ਪਾਕਿਸਤਾਨੀ ਖਬਰਾਂ ਮੁਤਾਬਕ ਦੋਵੇਂ ਇਕ-ਦੂਜੇ ਨੂੰ ਤਲਾਕ ਦੇਣ ਵਾਲੇ ਹਨ। ਇਹ ਅਟਕਲਾਂ ਸਾਨੀਆ ਦੀ ਇਕ ਇੰਸਟਾਗ੍ਰਾਮ ਪੋਸਟ ਨੇ ਤੇਜ਼ ਕੀਤੀਆਂ ਹਨ। ਉਸ ਨੇ ਪੋਸਟ ‘ਚ ਲਿਖਿਆ ਕਿ Where do broken hearts go. To Find Allah ਯਾਨੀ ਟੁੱਟੇ ਦਿਲ ਕਿੱਥੇ ਜਾਂਦੇ ਨੇ ਰੱਬ ਨੂੰ ਲੱਭਣ ਲਈ।
ਸਾਨੀਆ ਅਤੇ ਸ਼ੋਏਬ ਦੇ ਰਿਸ਼ਤੇ ‘ਚ ਦਰਾਰ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੋਵਾਂ ਨੇ ਇਸ ਮਾਮਲੇ ‘ਚ ਹੁਣ ਤੱਕ ਚੁੱਪ ਵੱਟੀ ਹੋਈ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸ਼ੋਏਬ ਇਕ ਕੁੜੀ ਨੂੰ ਡੇਟ ਕਰ ਰਿਹਾ ਹੈ। ਫਿਲਹਾਲ ਦੋਵੇਂ ਵੱਖ-ਵੱਖ ਘਰਾਂ ‘ਚ ਰਹਿ ਰਹੇ ਹਨ।
ਸ਼ੁੱਕਰਵਾਰ ਨੂੰ ਟੈਨਿਸ ਖਿਡਾਰਨ ਨੇ ਬੇਟੇ ਇਜ਼ਹਾਨ ਨਾਲ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਉਹ ਪਲ ਜੋ ਮੈਨੂੰ ਸਭ ਤੋਂ ਮੁਸ਼ਕਿਲ ਦਿਨਾਂ ‘ਚ ਲਿਜਾਂਦੇ ਹਨ। ਇਸ ਤਰ੍ਹਾਂ ਦੀਆਂ ਪੋਸਟਾਂ ਲਗਾਤਾਰ ਆਉਣ ਨਾਲ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੀ ਨਿੱਜੀ ਜ਼ਿੰਦਗੀ ‘ਚ ਕੁਝ ਮੁਸ਼ਕਲਾਂ ਆ ਰਹੀਆਂ ਹਨ।
ਸਾਨੀਆ-ਸ਼ੋਏਬ ਮਲਿਕ ਦਾ ਵਿਆਹ ਸਾਲ 2010 ‘ਚ ਹੋਇਆ ਸੀ। ਵਿਆਹ ਦੇ 10 ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਇਜ਼ਹਾਨ ਨੇ ਜਨਮ ਲਿਆ। ਸਾਨੀਆ ਅਤੇ ਸ਼ੋਏਬ ਮਲਿਕ ਦੀ ਪ੍ਰੇਮ ਕਹਾਣੀ ਉਨ੍ਹਾਂ ਕਹਾਣੀਆਂ ਵਿੱਚੋਂ ਇੱਕ ਹੈ ਜਿਸ ਨੇ ਦੋਵਾਂ ਦੇਸ਼ਾਂ ਵਿੱਚ ਹਲਚਲ ਮਚਾ ਦਿੱਤੀ ਸੀ। ਵਿਆਹ ਵੇਲੇ ਸਾਨੀਆ ਦੀ ਦੇਸ਼ ਭਗਤੀ ‘ਤੇ ਵੀ ਸਵਾਲ ਉਠਾਏ ਗਏ ਸਨ। ਸ਼ੋਏਬ-ਸਾਨੀਆ ਨੇ ਅਜਿਹੇ ਔਖੇ ਸਮੇਂ ਤੋਂ ਉਭਰਨ ਤੋਂ ਬਾਅਦ ਨਾ ਸਿਰਫ ਵਿਆਹ ਕੀਤਾ, ਸਗੋਂ ਹੁਣ ਤੱਕ ਆਪਣੇ ਰਿਸ਼ਤੇ ਨੂੰ ਵੀ ਕਾਇਮ ਰੱਖਿਆ ਹੈ।
ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2004-2005 ਵਿੱਚ ਭਾਰਤ ਵਿੱਚ ਹੋਈ ਸੀ। ਹਾਲਾਂਕਿ ਇਸ ਮੁਲਾਕਾਤ ‘ਚ ਦੋਹਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ। ਕੁਝ ਸਾਲਾਂ ਬਾਅਦ, 2009-2010 ਵਿੱਚ ਦੋਵੇਂ ਆਸਟ੍ਰੇਲੀਆ ਦੇ ਸ਼ਹਿਰ ਹੋਬਾਰਟ ਵਿੱਚ ਇੱਕ-ਦੂਜੇ ਨੂੰ ਮਿਲੇ ਸਨ। ਸਾਨੀਆ ਟੈਨਿਸ ਅਤੇ ਸ਼ੋਏਬ ਆਪਣੀ ਟੀਮ ਨਾਲ ਕ੍ਰਿਕਟ ਖੇਡਣ ਆਇਆ ਸੀ। ਉਸ ਵੇਲੇ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਦੌਰੇ ‘ਤੇ ਸੀ। ਇੱਥੇ ਜਾਣ-ਪਛਾਣ ਦੋਸਤੀ ਵਿੱਚ ਬਦਲ ਗਈ ਅਤੇ ਫਿਰ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : 2000 ਦੇ ਨੋਟ ਨਾ ATM ‘ਚ, ਨਾ ਬੈਂਕਾਂ ‘ਚ, ਨੋਟਬੰਦੀ ਦੇ 6 ਸਾਲਾਂ ਬਾਅਦ ਜਾਣੋ ਕਿੱਥੇ ਗਏ ਗੁਲਾਬੀ ਨੋਟ
ਕਰੀਬ 5 ਮਹੀਨਿਆਂ ਤੱਕ ਇਕ-ਦੂਜੇ ਨੂੰ ਜਾਣਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। 12 ਅਪ੍ਰੈਲ 2010 ਨੂੰ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਦੀਆਂ ਸਾਰੀਆਂ ਰਸਮਾਂ ਹੈਦਰਾਬਾਦ ਵਿੱਚ ਹੋਈਆਂ। ਇਸ ਤੋਂ ਬਾਅਦ ਲਾਹੌਰ ‘ਚ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਸਾਨੀਆ ਨੇ ਆਪਣੀ ਆਤਮਕਥਾ ‘ਏਸ ਅਗੇਂਸਟ ਔਡਸ’ ‘ਚ ਲਿਖਿਆ ਹੈ ਕਿ ਸ਼ੋਏਬ ਉਸ ਸਮੇਂ ਉਸ ਦੀ ਜ਼ਿੰਦਗੀ ‘ਚ ਆਇਆ ਜਦੋਂ ਉਹ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਸਮੱਸਿਆਵਾਂ ਨਾਲ ਜੂਝ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: