ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਜਤਿੰਦਰ ਵਿਜ ਨੂੰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 4,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਮਾਹੀ ਰਾਮ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕਰਕੇ ਦੱਸਿਆ ਕਿ ਉਹ ਬੱਸ ਸਟੈਂਡ ਲੁਧਿਆਣਾ ਨੇੜੇ ਕੂੜੇ ਦੇ ਢੇਰ ਤੋਂ ਬੋਤਲਾਂ, ਪਲਾਸਟਿਕ ਅਤੇ ਲੋਹੇ ਦਾ ਸਮਾਨ ਆਦਿ ਬੇਕਾਰ ਚੀਜ਼ਾਂ ਚੁੱਕਦਾ ਸੀ, ਪਰ ਸੈਨੀਟੇਸ਼ਨ ਇੰਸਪੈਕਟਰ ਉਸ ਤੋਂ 15,000 ਰੁਪਏ ਮਹੀਨਾ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਉਸ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 8,000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ ਅਤੇ ਹੋਰ ਪੈਸੇ ਮੰਗ ਰਿਹਾ ਸੀ।
ਬੁਲਾਰੇ ਨੇ ਦੱਸਿਆ ਕਿ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 4,000 ਰੁਪਏ ਲੈਂਦੇ ਹੋਏ ਮੌਕੇ ‘ਤੇ ਹੀ ਦਬੋਚ ਲਿਆ।
ਇਹ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ 700 ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਭਰੋਸਾ, PM ਟਰੂਡੋ ਬੋਲੇ- ‘ਨਿਆਂ ਮਿਲੇਗਾ’
ਇਸ ਸਬੰਧੀ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: