ਸੁਰੱਖਿਆ ਏਜੰਸੀਆਂ ਨੇ ‘ਭਾਰਤ ਜੋੜੋ ਯਾਤਰਾ’ ਵਿੱਚ ਰੁੱਝੇ ਰਾਹੁਲ ਗਾਂਧੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਸ਼ਮੀਰ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੂੰ ਕੁਝ ਥਾਵਾਂ ‘ਤੇ ਪੈਦਲ ਨਾ ਤੁਰਨ ਦੀ ਸਲਾਹ ਦਿੱਤੀ ਗਈ ਹੈ।
ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀਆਂ ਕੁਝ ਥਾਵਾਂ ‘ਤੇ ਪੈਦਲ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਪੈਦਲ ਤੁਰਨ ਦੀ ਬਜਾਏ ਕਾਰ ਵਿੱਚ ਸਫ਼ਰ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ‘ਭਾਰਤ ਜੋੜੋ ਯਾਤਰਾ’ 19 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਲਖਨਪੁਰ ‘ਚ ਐਂਟਰੀ ਕਰੇਗੀ।
ਪਿਛਲੇ ਸਾਲ 7 ਸਤੰਬਰ ਨੂੰ ਕਾਂਗਰਸ ਨੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਗਈ ਸੀ। 150 ਦਿਨਾਂ ਅਤੇ 3750 ਕਿਲੋਮੀਟਰ ਦੇ ਟੀਚੇ ਨਾਲ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ 12 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ।
ਰਿਪੋਰਟ ਹੈ ਕਿ ਸੁਰੱਖਿਆ ਏਜੰਸੀ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਜੰਮੂ-ਕਸ਼ਮੀਰ ‘ਚ ਕੁਝ ਥਾਵਾਂ ‘ਤੇ ਖਤਰਾ ਹੋ ਸਕਦਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਵਿਸਥਾਰਤ ਯੋਜਨਾ ਬਣਾਈ ਗਈ ਹੈ ਅਤੇ ਇਹ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਪੈਦਲ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਕਾਰ ਵਿੱਚ ਯਾਤਰਾ ਕਰਨੀ ਚਾਹੀਦੀ ਹੈ।
ਅਧਿਕਾਰੀ ਨੇ ਕਿਹਾ ਕਿ ਰਾਤ ਨੂੰ ਰੁਕਣ ਬਾਰੇ ਵੇਰਵੇ ਦੇ ਨਾਲ ਇੱਕ ਵਿਆਪਕ ਸੁਰੱਖਿਆ ਸਮੀਖਿਆ ਅਜੇ ਵੀ ਜਾਰੀ ਹੈ। 52 ਸਾਲਾਂ ਕਾਂਗਰਸੀ ਆਗੂ 25 ਜਨਵਰੀ ਨੂੰ ਬਨਿਹਾਲ ਵਿਖੇ ਕੌਮੀ ਝੰਡਾ ਲਹਿਰਾਉਣ ਵਾਲੇ ਹਨ ਅਤੇ ਦੋ ਦਿਨ ਬਾਅਦ 27 ਜਨਵਰੀ ਨੂੰ ਅਨੰਤਨਾਗ ਰਾਹੀਂ ਸ੍ਰੀਨਗਰ ਵਿੱਚ ਦਾਖ਼ਲ ਹੋਣਗੇ।
ਅਧਿਕਾਰੀ ਨੇ ਕਿਹਾ ਕਿ ਰਾਹੁਲ ਕਸ਼ਮੀਰ ਦੇ ਰਸਤੇ ‘ਤੇ ਤਿਰੰਗਾ ਲਹਿਰਾਉਣਗੇ। ਹੁਣ ਤੱਕ ਅਜਿਹਾ ਲੱਗਦਾ ਹੈ ਕਿ ਇਹ ਬਨਿਹਾਲ ਦੇ ਨੇੜੇ-ਤੇੜੇ ਹੋਵੇਗਾ। ਫਿਰ ਯਾਤਰਾ ਗਣਤੰਤਰ ਦਿਵਸ ਤੋਂ ਇਕ ਦਿਨ ਬਾਅਦ ਅਨੰਤਨਾਗ ਦੇ ਰਸਤੇ ਸ਼੍ਰੀਨਗਰ ‘ਚ ਦਾਖਲ ਹੋਵੇਗੀ। ਉਨ੍ਹਾਂ ਮੁਤਾਬਕ ਸੁਰੱਖਿਆ ਏਜੰਸੀਆਂ ਚਾਹੁੰਦੀਆਂ ਹਨ ਕਿ ਰਾਹੁਲ ਗਾਂਧੀ ਦੇ ਸ਼੍ਰੀਨਗਰ ‘ਚ ਹੋਣ ‘ਤੇ ਕੁਝ ਲੋਕ ਹੀ ਉਨ੍ਹਾਂ ਨਾਲ ਯਾਤਰਾ ਕਰਨ।
ਇਹ ਵੀ ਪੜ੍ਹੋ : ਪਹਾੜਾਂ ‘ਤੇ ਬਰਫੀਲੀਆਂ ਹਵਾਵਾਂ ਨਾਲ ਕੰਬਿਆ ਉੱਤਰ ਭਾਰਤ, ਹਾਲੇ ਨਹੀਂ ਮਿਲੇਗੀ ਠੰਡ ਤੋਂ ਰਾਹਤ, ਅਲਰਟ ਜਾਰੀ !
ਯੋਜਨਾ ਮੁਤਾਬਕ ਰਾਹੁਲ ਗਾਂਧੀ 19 ਜਨਵਰੀ ਨੂੰ ਲਖਨਪੁਰ ‘ਚ ਪ੍ਰਵੇਸ਼ ਕਰਨਗੇ ਅਤੇ ਉੱਥੇ ਇਕ ਰਾਤ ਰੁਕਣ ਤੋਂ ਬਾਅਦ ਅਗਲੀ ਸਵੇਰ ਕਠੂਆ ਦੇ ਹਟਲੀ ਮੋੜ ਤੋਂ ਰਵਾਨਾ ਹੋਣਗੇ। ਇਹ ਯਾਤਰਾ ਫਿਰ ਚੱਡੇਵਾਲ ਵਿਖੇ ਰਾਤ ਦਾ ਠਹਿਰਾਅ ਕਰੇਗੀ। ਇਹ 21 ਜਨਵਰੀ ਨੂੰ ਸਵੇਰੇ ਹੀਰਾਨਗਰ ਤੋਂ ਦੁੱਗਰ ਹਵੇਲੀ ਤੱਕ ਚੱਲੇਗੀ ਅਤੇ 22 ਜਨਵਰੀ ਨੂੰ ਵਿਜੈਪੁਰ ਤੋਂ ਸਤਵਾਰੀ ਤੱਕ ਜਾਵੇਗੀ।
ਅਹਿਮ ਗੱਲ ਇਹ ਹੈ ਕਿ ਰਾਹੁਲ ਗਾਂਧੀ ਕੋਲ ਫਿਲਹਾਲ Z+ ਸ਼੍ਰੇਣੀ ਦੀ ਸੁਰੱਖਿਆ ਹੈ, ਜਿਸਦਾ ਮਤਲਬ ਹੈ ਕਿ 8-9 ਕਮਾਂਡੋ 24×7 ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ। ਪਿਛਲੇ ਮਹੀਨੇ, ਕਾਂਗਰਸ ਨੇ ਕੇਂਦਰ ਤੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ ਕਿਉਂਕਿ ਯਾਤਰਾ ਦੇ ਰੂਟ ‘ਤੇ ਸੁਰੱਖਿਆ ਵਿੱਚ ਚੂਕ ਦੇਖੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: