ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਸਿੱਖਾਂ ‘ਤੇ ਕੀਤੀ ਗਈ ਟਿੱਪਣੀ ਕਰਕੇ ਮੁਸੀਬਤ ‘ਚ ਘਿਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਟਿੱਪਣੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਉਸਦੇ ਖਿਲਾਫ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਕਹੀ ਹੈ।
ਧਾਮੀ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਅਬਦਾਲੀ ਦੇ ਰਾਜ ਵੇਲੇ ਜਦੋਂ ਭਾਰਤ ‘ਤੇ ਹਮਲਾ ਕਰਕੇ ਇੱਥੋਂ ਲੁੱਟਿਆ ਗਿਆ ਸੀ ਤਾਂ ਗਜ਼ਨੀ ਦੇ ਬਾਜ਼ਾਰਾਂ ‘ਚ ਕੀਮਤੀ ਸਾਮਾਨ ਅਤੇ ਔਰਤਾਂ ਨੂੰ ਵੇਚਣ ਲਈ ਲਿਜਾਇਆ ਜਾਂਦਾ ਸੀ, ਜਿਨ੍ਹਾਂ ਦੀ ਰਾਖੀ ਲਈ ਸਿੱਖ ਰਾਤ ਨੂੰ ਬਾਰ੍ਹਾਂ ਵਜੇ ਹਮਲਾ ਕਰਕੇ ਲੁੱਟਿਆ ਹੋਇਆ ਸਾਮਾਨ ਤੇ ਔਰਤਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰ ਪਹੁੰਚਾਉਂਦੇ ਸਨ।
ਉਨ੍ਹਾਂ ਕਿਹਾ ਕਿ ਕਿਰਨ ਬੇਦੀ ਮੂਲ ਤੌਰ ‘ਤੇ ਪੰਜਾਬ ਨਾਲ ਜੁੜੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਸਮਝ ਹੋਣੀ ਚਾਹੀਦੀ ਹੈ। ਪਰ ਸਿੱਖਾਂ ਬਾਰੇ ਕਿਰਨ ਬੇਦੀ ਦੀ ਟਿੱਪਣੀ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਹੈ। ਇਸ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ, ਤਾਂ ਜੋ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਦੱਸ ਦੇਈਏ ਕਿ ਹਾਲ ਹੀ ‘ਚ ਚੇਨਈ ‘ਚ ਇਕ ਕਿਤਾਬ ਲਾਂਚ ਈਵੈਂਟ ਦੌਰਾਨ ਕਿਰਨ ਬੇਦੀ ਨੇ ਸਿੱਖਾਂ ਬਾਰੇ ਮਜ਼ਾਕੀਆ ਟਿੱਪਣੀ ਕੀਤੀ ਸੀ। ਇੰਟਰਨੈੱਟ ਮੀਡੀਆ ‘ਤੇ ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਸਮਾਜ ‘ਚ ਰੋਸ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਉਨ੍ਹਾਂ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਸੀ। ਵਿਵਾਦ ਵਧਦੇ ਹੀ ਕਿਰਨ ਬੇਦੀ ਨੇ ਵੀ ਇੰਟਰਨੈੱਟ ਮੀਡੀਆ ‘ਤੇ ਇਹ ਕਹਿੰਦੇ ਹੋਏ ਮੁਆਫੀ ਮੰਗੀ ਸੀ ਕਿ ਉਹ ਆਪਣੇ ਧਰਮ ‘ਚ ਬਹੁਤ ਵਿਸ਼ਵਾਸ ਰੱਖਦੀ ਹੈ ਅਤੇ ਗੁਰੂ ਨਾਨਕ ਦੇਵ ਦੀ ਬਹੁਤ ਵੱਡੀ ਭਗਤ ਹੈ।
ਵੀਡੀਓ ਲਈ ਕਲਿੱਕ ਕਰੋ -: