ਚੰਡੀਗੜ੍ਹ/ਡੇਰਾ ਬਾਬਾ ਨਾਨਕ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮੀਡੀਆ ਨਾਲ ਗੱਲ ਕਰਨ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ‘ਤੇ ਸਫਾਈ ਦਿੰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਹੀ ਇਕੋ ਇਕ ਰਸਤਾ ਹੈ। ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕੋ ਜਿਹਾ ਹੈ ਅਤੇ ਇਸ ਲਈ ਅਮਨ-ਸ਼ਾਂਤੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮੇਰੀਆਂ ਗੱਲਾਂ ਦਾ ਭਾਵੇਂ ਬਤੰਗੜ ਬਣਾ ਲਓ ਉਸ ਦੀ ਕੋਈ ਪਰਵਾਹ ਨਹੀਂ, ਪਰ ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ। ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ।
ਭਾਜਪਾ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਦੱਸਣ ‘ਤੇ ਸਵਾਲ ਚੁੱਕਣ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ, ‘ਭਾਜਪਾ ਨੇ ਜੋ ਕਹਿਣਾ ਹੈ, ਉਹ ਕਹਿੰਦੀ ਰਹੇ। ਮੈਂ ਸ਼ਾਂਤੀ ਅਤੇ ਦੋਸਤੀ ਦਾ ਹਿਮਾਇਤੀ ਹਾਂ। ਭਾਜਪਾ ਜੋ ਵੀ ਇਲਜ਼ਾਮ ਲਾਉਣਾ ਚਾਹੁੰਦੀ ਹੈ ਲਾਵੇ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਸਦਕਾ ਹੀ ਪੂਰਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕੋ ਜਿਹਾ ਹੈ। ਇੱਕੋ ਕਿਸਮ ਦਾ ਭੋਜਨ ਅਤੇ ਇੱਕੋ ਕਿਸਮ ਦੇ ਕੱਪੜੇ। ਅਜਿਹੇ ‘ਚ ਦੋਹਾਂ ਦੇਸ਼ਾਂ ਵਿਚਾਲੇ ਰਸਤਾ ਖੋਲ੍ਹਿਆ ਜਾਣਾ ਚਾਹੀਦਾ ਹੈ। ਬਾਬਾ ਨਾਨਕ ਦੇਵ ਜੀ ਨੇ ਕਿਹਾ ਕਿ ਸਾਰੇ ਸੰਸਾਰ ਵਿੱਚ ਸ਼ਾਂਤੀ ਹੋਵੇ। ਭਾਈਚਾਰਕ ਸਾਂਝ ਦਾ ਰਸਤਾ ਉਨ੍ਹਾਂ ਹੀ ਵਿਖਾਇਆ ਹੈ। ਅਜਿਹੇ ‘ਚ ਰਸਤਾ ਖੁੱਲ੍ਹਣਾ ਚਾਹੀਦਾ ਹੈ। ਇਸ ਨਾਲ ਖੁਸ਼ਹਾਲੀ, ਸ਼ਾਂਤੀ ਅਤੇ ਭਾਈਚਾਰਾ ਆਵੇਗਾ। ਖੇਡਾਂ ਅਤੇ ਕਲਾ ਦੋਹਾਂ ਦੇਸ਼ਾਂ ਨੂੰ ਜੋੜਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਿੱਧੂ ਨੇ ਕਿਹਾ ਕਿ ਜਦੋਂ ਮੈਂ ਪਿਛਲੀ ਵਾਰ ਗਿਆ ਸੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣ ਦੀ ਗੱਲ ਕੀਤੀ ਸੀ। ਇਸ ਵਾਰ ਮੈਂ ਮੰਦਰਾਂ ਦੇ ਰਸਤੇ ਖੋਲ੍ਹਣ ਦੀ ਗੱਲ ਕੀਤੀ ਹੈ। ਇਹ ਸਾਡੇ ਵਿਸ਼ਵਾਸ ਦੇ ਥੰਮ੍ਹ ਹਨ। ਜੇਕਰ ਰਸਤੇ ਖੁੱਲ੍ਹਦੇ ਹਨ ਤਾਂ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਸੈਰ-ਸਪਾਟੇ ਦੇ ਬਹੁਤ ਸਾਰੇ ਫਾਇਦੇ ਹਨ। ਜੇਕਰ ਸੈਲਾਨੀ ਪੰਜਾਬ ਆਉਣਗੇ ਤਾਂ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਸਿੱਧੂ ਨੇ ਕਿਹਾ, ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਤਾਂ ਸਰਹੱਦ ਖੋਲ੍ਹ ਦਿਓ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੀ ਇਜਾਜ਼ਤ ਦਿਓ। ਅਸੀਂ 2100 ਕਿਲੋਮੀਟਰ ਦੂਰ ਮੁੰਦਰਾ ਪੋਰਟ ਕਿਉਂ ਜਾਈਏ? ਅਸੀਂ ਪਾਕਿਸਤਾਨ ਕਿਉਂ ਨਾ ਜਾਈਏ ਜੋ 21 ਕਿਲੋਮੀਟਰ ਦੂਰ ਹੈ।