ਲਖੀਮਪੁਰ ਖੀਰੀ ਕਾਂਡ ‘ਚ ਜੇਲ੍ਹ ਵਿੱਚ ਬੰਦ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦੀਆਂ ਮੁਸ਼ਕਲਾਂ ਹੋਰ ਵਧਣ ਜਾ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਯੂਪੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਚਾਰਜਸ਼ੀਟ ਲਗਭਗ ਫਾਈਨਲ ਕਰ ਲਈ ਹੈ ਤੇ ਇੱਕ ਹਫਤੇ ਅੰਦਰ ਇਸ ਨੂੰ ਦਾਇਰ ਕੀਤਾ ਜਾ ਸਕਦਾ ਹੈ। ਲਖੀਮਪੁਰ ਖੀਰੀ ਕਾਂਡ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ, ਇਸ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਤੇ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਸਣੇ 11 ਹੋਰ ਦੋਸ਼ੀ ਪਾਏ ਗਏ ਹਨ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਆਖਰੀ ਪੜਾਅ ‘ਤੇ ਹੈ ਅਤੇ ਛੇਤੀ ਹੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਅਧਿਕਾਰੀ ਨੇ ਅੱਗੇ ਕਿਹਾ ਕਿ ਏਜੰਸੀ ਦੋਸ਼ੀਆਂ ਖਿਲਾਫ਼ ਇਕੱਠੇ ਕੀਤੇ ਸਬੂਤਾਂ ਦੀ ਪੁਸ਼ਟੀ ਕਰ ਰਹੀ ਹੈ ਅਤੇ ਫੋਰੈਂਸਿਕ ਲੈਬਾਰਟਰੀ ਤੋਂ ਆਈਆਂ ਰਿਪੋਰਟਾਂ ਦੀ ਵੀ ਸਟੱਡੀ ਕਰ ਰਹੀ ਹੈ।
ਜਾਂਚ ਦੌਰਾਨ ਐੱਸ.ਆਈ.ਟੀ. ਨੇ ਮੁਲਜ਼ਮਾਂ ਦੇ ਸੈੱਲਫੋਨ, ਹਥਿਆਰ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਘਟਨਾ ਦੀਆਂ ਵੀਡੀਓਜ਼ ਵੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ.ਐੱਸ.ਐੱਲ.) ਨੂੰ ਭੇਜੀਆਂ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਐੱਸ.ਆਈ.ਟੀ. ਨੂੰ ਜ਼ਿਆਦਾਤਰ ਲੋੜੀਂਦੀਆਂ ਫੋਰੈਂਸਿਕ ਅਤੇ ਬੈਲਿਸਟਿਕ ਰਿਪੋਰਟਾਂ ਮਿਲ ਚੁੱਕੀਆਂ ਹਨ। ਜੇ ਕੋਈ ਫੋਰੈਂਸਿਕ ਰਿਪੋਰਟ ਸਮੇਂ ‘ਤੇ ਨਹੀਂ ਆਉਂਦੀ ਤਾਂ ਉਹ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਸ ਨੂੰ ਅਦਾਲਤ ਵਿਚ ਭੇਜ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਤਿੰਨ ਐਸਯੂਵੀ ਦੇ ਡਰਾਈਵਰਾਂ ਅਤੇ ਆਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਦੇ ਸਾਥੀਆਂ ਸਣੇ ਸਾਰੇ 13 ਦੋਸ਼ੀ ਲਖੀਮਪੁਰ ਖੀਰੀ ਜੇਲ੍ਹ ਵਿੱਚ ਬੰਦ ਹਨ। ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਇਲਾਹਾਬਾਦ ਹਾਈਕੋਰਟ ‘ਚ ਪੈਂਡਿੰਗ ਹੈ ਜਦਕਿ ਬਾਕੀ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਲਖੀਮਪੁਰ ਖੀਰੀ ਦੀ ਲੋਕਲ ਅਦਾਲਤ ‘ਚ ਪੈਂਡਿੰਗ ਹੈ।
ਹਾਲ ਹੀ ਵਿੱਚ ਇੱਕ ਲੋਕਲ ਅਦਾਲਤ ਨੇ ਐੱਸ.ਆਈ.ਟੀ. ਦੀ ਬੇਨਤੀ ‘ਤੇ ਆਸ਼ੀਸ਼ ਮਿਸ਼ਰਾ ਅਤੇ 12 ਹੋਰ ਮੁਲਜ਼ਮਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਤੇ ਆਪਣੀ ਮਰਜ਼ੀ ਨਾਲ ਗੰਭੀਰ ਜ਼ਖਮੀ ਕਰਨਾ ਇਹ ਦੋ ਦੋਸ਼ ਸ਼ਾਮਲ ਕੀਤੇ।
ਅਦਾਲਤ ਨੂੰ ਆਪਣੀ ਰਿਪੋਰਟ ਵਿੱਚ ਐੱਸ.ਆਈ.ਟੀ. ਨੇ ਕਿਹਾ ਕਿ 3 ਅਕਤੂਬਰ ਨੂੰ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਕਤਲ ਲਾਪਰਵਾਹੀ ਜਾਂ ਨਾਮਸਝੀ ਕਰਕੇ ਨਹੀਂ ਹੋਏ ਅਤੇ ਦੋਸ਼ੀਆਂ ਦੀਆਂ ਕਾਰਵਾਈਆਂ ਜਾਣ-ਬੁੱਝ ਕੇ ਮਾਰਨ ਦੇ ਇਰਾਦੇ ਨਾਲ ਕੀਤੀਆਂ ਗਈਆਂ ਸਨ। ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਹਨ।