Six Cases of Corona : ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿਚ ਲਗਾਤਾਰ ਜਾਰੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਜਾਰੀ ਇਸ ਕੋਰੋਨਾ ਦੇ ਇਸ ਕਹਿਰ ਦੌਰਾਨ ਅੱਜ ਜਲੰਧਰ ਤੇ ਪਠਾਨਕੋਟ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਦੋਹਾਂ ਜ਼ਿਲਿਆਂ ਤੋਂ ਕੋਰੋਨਾ ਦੇ ਤਿੰਨ-ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਜਲੰਧਰ ਵਿਚ ਮਿਲੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਵਿਚ ਇਕ ਨਿੱਜੀ ਹਸਪਤਾਲ ਦਾ ਲੈਬ ਟੈਕਨੀਸ਼ੀਅਨ ਵੀ ਸ਼ਾਮਲ ਹੈ, ਜੋਕਿ ਅਵਤਾਰ ਨਗਰ ਦਾ ਰਹਿਣ ਵਾਲਾ ਹੈ। ਇਹ 66 ਸਾਲਾ ਵਿਅਕਤੀ ਕਪੂਰਥਲਾ ਰੋਡ ’ਤੇ ਸਥਿਤ ਚੋਢਾ ਹਸਪਤਾਲ ਵਿਚ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਬੇਅੰਤ ਨਗਰ ਦੀ ਰਹਿਣ ਵਾਲੀ ਇਕ 22 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਪਿਛਲੇ ਦਿਨੀਂ ਪਟਨਾ ਤੋਂ ਪੰਜਾਬ ਵਾਪਿਸ ਆਈ ਸੀ। ਇਹ ਲੜਕੀ ਗਿੱਧਾ ਗਰੁੱਪ ਵਿਚ ਕੰਮ ਕਰਦੀ ਹੈ। ਇਸ ਲੜਕੀ ਦੀ ਸਿਹਤ ਖਰਾਬ ਹੋਣ ਕਾਰਨ ਪਹਿਲਾਂ ਤੋਂ ਹੀ ਇਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਇਸ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਤੀਸਰੇ ਮਾਮਲੇ ਵਿਚ ਫਰੈਂਡਜ਼ ਕਾਲੋਨੀ ਦੇ ਇਕ 46 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਹ ਵਿਅਕਤੀ ਪਿਛਲੇ ਦਿਨੀਂ ਦਿੱਲੀ ਤੋਂ ਪਰਤਿਆ ਸੀ। ਇਥੇ ਦੱਸਣਯੋਗ ਹੈ ਕਿ ਅਵਤਾਰ ਨਗਰ ਤੇ ਫ੍ਰੈਂਡਜ਼ ਨਗਰ ਤੋਂ ਮਿਲੇ ਮਰੀਜ਼ਾਂ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 317 ਹੋ ਗਈ ਹੈ, ਜਦਕਿ 9 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਪਠਾਨਕੋਟ ਵਿਚ ਤਿੰਨ ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਮਾਮਲਿਆਂ ਦੇ ਨਾਲ ਪਠਾਨਕੋਟ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 94 ਹੋ ਗਈ ਹੈ, ਜਿਨ੍ਹਾਂ ਵਿਚੋਂ 54 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਇਥੇ 36 ਐਕਟਿਵ ਮਾਮਲੇ ਹਨ। ਹੁਣ ਤੱਕ ਜ਼ਿਲੇ ਵਿਚ ਚਾਰ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।