Smart City CEO: ਜਲੰਧਰ : ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਮੰਤਵ ਨਾਲ ਸਮਾਰਟ ਸਿਟੀ ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਅਫ਼ਸਰ (ਸੀ.ਈ.ਓ.)ਡਾ.ਸ਼ੀਨਾ ਅਗਰਵਾਲ ਵੋਂ ਅੱਜ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ.ਸ਼ੀਨਾ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲੰਧਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਨੂੰ ਜਲਦੀ ਅਸਲ ਵਿੱਚ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਕਿਉਂਕਿ ਲੋਕਾਂ ਨੂੰ ਇਨਾਂ ਪ੍ਰੋਜੈਕਟਾਂ ਤੋਂ ਬਹੁਤ ਉਮੀਦਾਂ ਹਨ।ਉਨ੍ਹਾਂ ਵਲੋਂ ਹੋਰ ਵਿਕਾਸ ਕਾਰਜਾਂ ਦੀ ਸਥਿਤੀ ਜਿਸ ਵਿੱਚ 50 ਸਰਕਾਰੀ ਇਮਾਰਤਾਂ ’ਤੇ ਰੇਨ ਹਾਰਵੈਸਟਿੰਗ ਪ੍ਰਣਾਲੀ ਲਗਾਉਣਾ, ਐਸ.ਟੀ.ਪੀ. ਬਸਤੀ ਪੀਰ ਦਾਦ ਤੋਂ ਸਾਫ਼ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣਾ ਅਤੇ ਸੋਲਰ ਪ੍ਰੋਜੈਕਟ ਤੇ ਵੱਖ-ਵੱਖ ਚੌਕਾਂ ਦੇ ਸੁੰਦਰੀਕਰਨ ਤੇ ਹੋਰ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਫ਼ਸਰ ਨੇ ਇਹ ਵੀ ਕਿਹਾ ਕਿ ਸ਼ਹਿਰ ਦਾ ਆਧੁਨਿਕ ਲੀਹਾਂ ’ਤੇ ਸਰਬਪੱਖੀ ਵਿਕਾਸ ਕਰਨ ਲਈ ਇਨਾਂ ਪ੍ਰੋਜੈਕਟਾਂ ਨੂੰ ਵੱਡੇ ਪੱਧਰ ’ਤੇ ਜਲਦ ਮੁਕੰਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਨਾਂ ਦਾ ਲਾਭ ਪਹੁੰਚ ਸਕੇ। ਇਸ ਮੌਕੇ ਐਸ.ਡੀ.ਓ. ਭੂਮੀ ਰੱਖਿਆ ਲੁਪਿੰਦਰ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।