ਫਿਰੋਜ਼ਪੁਰ ਵਿਖੇ ਦੋ ਕੱਟੜ ਵਿਰੋਧੀ ਧਿਰਾਂ ਦਾ ਬੀਤੀ ਸ਼ਾਮ ਟਕਰਾਅ ਹੋ ਗਿਆ। ਇੱਕ ਧਿਰ ਵੱਲੋਂ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਪੁਲਿਸ ਵੱਲੋਂ 6 ਬਾਏ ਨੇਮ ਵਿਅਕਤੀਆਂ ‘ਤੇ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਸ਼ੰਕਰ ਪੁੱਤਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੂੰ ਭੱਟੀ ਤੇ ਵਿਸ਼ਾਲ ਉਰਫ ਮੰਨਾ ਵਿਚ ਦੁਸ਼ਮਣੀ ਹੈ। ਸ਼ੰਕਰ ਕੁਝ ਦਿਨ ਪਹਿਲਾਂ ਸੋਨੂੰ ਭੱਟੀ ਕੋਲ ਖੜ੍ਹਾ ਹੋ ਕੇ ਲੜਾਈ ਬਾਰੇ ਪੁੱਛ ਰਿਹਾ ਸੀ ਜਿਸ ਤੋਂ ਖਫਾ ਵਿਸ਼ਾਲ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। 23 ਜੁਲਾਈ ਨੂੰ ਰਾਤ ਨੂੰ ਲਗਭਗ 9 ਵਜੇ ਸ਼ੰਕਰ ਵਾਲਮੀਕਿ ਮੰਦਰ ਬਸਤੀ ਸ਼ੇਖਾਂ ਵਾਲੀ ਕੋਲ ਸੀ ਕਿ ਵਿਸ਼ਾਲ, ਸਿਕੰਦਰ ਪੁੱਤਰ ਜੱਗਾ, ਜੱਗਾ, ਮੱਖਣ ਪੁੱਤਰਾਨ ਹਿਜਾਤਾ, ਗੋਰੀ ਪੁੱਤਰ ਕੁੱਕੀ ਉਰਫ ਕੁੰਡਾ, ਗੋਬਿੰਦਾ ਵਾਸੀਅਨ ਪੁਰਾਣੀ ਸਬਜ਼ੀ ਮੰਡੀ ਬਗਦਾਦੀ ਗੇਟ ਤੇ 4-5 ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ‘ਤੇ ਆਏ, ਜਿਨ੍ਹਾਂ ਨੇ ਉਸ ਨੂੰ ਵੇਖ ਕੇ ਲਲਕਾਰਾ ਮਾਰਿਆ ਕਿ ਆਹ ਖੜ੍ਹਾ ਹੈ, ਫੜ ਲਓ ਇਸ ਨੂੰ ਸੋਨੂੰ ਭੱਟੀ ਨਾਲ ਰਹਿਣ ਦਾ ਮਜ਼ਾ ਚਖਾ ਦਿਓ।
ਇਸ ਤੋਂ ਬਾਅਦ ਸਿਕੰਦਰ ਨੇ ਆਪਣੀ ਬੰਦੂਕ ਨਾਲ ਦੋ-ਤਿੰਨ ਹਵਾਈ ਫਾਇਰ ਕੀਤੇ, ਜਿਸ ਕਾਰਨ ਸ਼ੰਕਰ ਉਥੋਂ ਭੱਜਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਇੱਕ ਫਾਇਰ ਉੁਸ ਦੀ ਖੱਬੀ ਲੱਤ ਦੇ ਪੱਟ ‘ਤੇ ਲੱਗਾ। ਸ਼ੰਕਰ ਨੇ ਕਿਸੇ ਤਰ੍ਹਾਂ ਦੌੜ ਕੇ ਆਪਣੀ ਜਾਨ ਬਚਾਈ। ਗੋਲੀ ਦੀ ਆਵਾਜ਼ ਸੁਣ ਕੇ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਸ ਕਾਰਨ ਮੁਲਜ਼ਮ ਉਥੋਂ ਭੱਜ ਗਏ। ਸ਼ੰਕਰ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਸੂਬਾ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਖਤਮ ਕਰਨ ਦੇ ਦਾਅਵੇ ਖੋਖਲੇ ਦਿਖ ਰਹੇ ਹਨ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਲ੍ਹਾ ਫਿਰੋਜ਼ਪੁਰ ‘ਚ ਗੋਲੀਬਾਰੀ ਦੀਆਂ ਘਟਨਾਵਾਂ ‘ਚ ਕਾਫੀ ਵਾਧਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।
ਇਹ ਵੀ ਪੜ੍ਹੋ :ਢਿੱਲਵਾਂ ਕਤਲ ਕਾਂਡ ਦਾ ਮਾਸਟਰਮਾਈਂਡ ਗੁਰਦੀਪ ਸਿੰਘ ਉਰਫ ਸੈਣੀ ਗ੍ਰਿਫਤਾਰ, ਭੇਜਿਆ ਪੁਲਿਸ ਰਿਮਾਂਡ ‘ਤੇ