ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਚ ਵੜ ਗਏ, ਉਨ੍ਹਾਂ ਨੇ ਪੁਲਿਸ ਵੱਲੋਂ ਲਗਾਏ ਗਏ ਸੁਰੱਖਿਆ ਘੇਰੇ ਨੂੰ ਤੋੜਿਆ, ਸਵੀਮਿੰਗ ਪੂਲ ਵਿੱਚ ਨਹਾਏ, ਇੱਥੋਂ ਤੱਕ ਕਿ ਰਸੋਈ ਅਤੇ ਕਮਰਿਆਂ ਦੀ ਵੀ ਵਰਤੋਂ ਕੀਤੀ। ਉਨ੍ਹਾਂ ਉਥੇ ਇੱਕ ਹਾਈ ਸਕਿਓਰਿਟੀ ਬੰਕਰ ਵੀ ਲੱਭੀ।
ਸ਼੍ਰੀਲੰਕਾ ਇਸ ਵੇਲੇ ਵੱਡੀ ਆਰਥਿਕ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ। 22 ਕਰੋੜ ਦੀ ਆਬਾਦੀ ਵਾਲਾ ਦੇਸ਼ ਸੱਤ ਦਹਾਕਿਆਂ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਸ਼੍ਰੀਲੰਕਾ ਕੋਲ ਵਿਦੇਸ਼ੀ ਮੁਦਰਾ ਦੀ ਕਮੀ ਹੈ, ਜਿਸ ਕਾਰਨ ਦੇਸ਼ ਈਂਧਨ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਜ਼ਰੂਰੀ ਦਰਾਮਦ ਲਈ ਭੁਗਤਾਨ ਨਹੀਂ ਕਰ ਪਾ ਰਿਹਾ। ਇਨ੍ਹਾਂ ਹਾਲਾਤਾਂ ਵਿਚ ਜਨਤਾ ਸੜਕਾਂ ‘ਤੇ ਹੈ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਪ੍ਰਦਰਸ਼ਨਕਾਰੀ ਨੋਟ ਗਿਣਦੇ ਹੋਏ ਦੇਖੇ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨੋਟ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਤੋਂ ਮਿਲੇ ਹਨ। ਸ੍ਰੀਲੰਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਸਮਝਣ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਕਰਨੀ ਪਵੇਗੀ।
ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਸ਼ਵੇਂਦਰ ਸਿਲਵਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਆਪਣਾ ਸਮਰਥਨ ਦੇਣ। ਉਨ੍ਹਾਂ ਨੇ ਇਹ ਗੱਲ ਟ੍ਰਾਈ ਫੋਰਸ ਕਮਾਂਡਰਾਂ ਨਾਲ ਇਕ ਵਿਸ਼ੇਸ਼ ਬਿਆਨ ‘ਚ ਕਹੀ ਹੈ।
ਇਸ ਦੌਰਾਨ ਸ਼੍ਰੀਲੰਕਾ ਦੇ ਸੈਰ-ਸਪਾਟਾ ਅਤੇ ਭੂਮੀ ਮੰਤਰੀ ਹਰੀਨ ਫਰਨਾਂਡੋ ਅਤੇ ਕਿਰਤ ਅਤੇ ਵਿਦੇਸ਼ੀ ਰੋਜ਼ਗਾਰ ਮੰਤਰੀ ਮਾਨੁਸ਼ਾ ਨਾਨਾਯਕਾਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਵੀ ਅੱਗ ਲਗਾ ਦਿੱਤੀ। ਆਰਥਿਕ ਮੰਦਹਾਲੀ ਕਰਕੇ ਲੋਕਾਂ ਵਿੱਚ ਭਾਰੀ ਰੋਸ ਹੈ, ਜਿਸ ਦਾ ਸਰਕਾਰ ਅਜੇ ਤੱਕ ਕੋਈ ਹੱਲ ਨਹੀਂ ਕੱਢ ਸਕੀ। ਭੀੜ ਨੂੰ ਸ਼ਾਂਤ ਕਰਨ ਲਈ ਸੁਰੱਖਿਆ ਬਲਾਂ ਨੇ ਪਾਣੀ ਦੀਆਂ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਇੱਥੋਂ ਤੱਕ ਕਿ ਸੁਰੱਖਿਆ ਬਲਾਂ ਨੇ ਕਈ ਪੱਤਰਕਾਰਾਂ ‘ਤੇ ਹਮਲੇ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: