ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਈਟੀਟੀ ਦੇ ਅਧਿਆਪਕਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ, ਜਿਨ੍ਹਾਂ ‘ਤੇ ਪਟਿਆਲਾ ਪੁਲਿਸ ਨੇ ਉਸ ਸਮੇਂ ਲਾਠੀਚਾਰਜ ਕੀਤਾ ਸੀ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਨੇੜੇ ਪ੍ਰਦਰਸ਼ਨ ਕਰ ਰਹੇ ਸਨ। ਬਾਦਲ ਨੇ ਉਨ੍ਹਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਹ ਜ਼ਿਲੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ, ਜਿਨ੍ਹਾਂ ਨੇ ਅਧਿਆਪਕਾਂ ਖ਼ਾਸਕਰ ਔਰਤਾਂ, ਜੋ ਉਨ੍ਹਾਂ ਦੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੀਆਂ ਸਨ, ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਟਵਿੱਟਰ ‘ਤੇ ਦੋ ਵੀਡੀਓ ਅਪਲੋਡ ਕੀਤੇ ਹਨ। ਪਹਿਲੇ ਵੀਡੀਓ ਵਿਚ, ਉਹ ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਸਨੌਰ ਅਤੇ ਕੁਝ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਕੁੱਟਿਆ ਸੀ। ਸ. ਬਾਦਲ ਨੇ ਟਵਿਟਰ ‘ਤੇ ਲਿਖਿਆ,“ ਬੇਰੁਜ਼ਗਾਰ ETT TET ਯੋਗ ਅਧਿਆਪਕਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਕੁੱਟਿਆ ਗਿਆ, ਜਦੋਂ ਕਿ ਉਹਨਾਂ ਨੇ ਆਪਣੇ ਹੱਕਾਂ ਦੀ ਵਰਤੋਂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਮਾਰਚ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਹੱਕ ਮੰਗਦੀਆਂ ਕੁੜੀਆਂ ਨੂੰ ਵੀ ਛੱਲੀਆਂ ਵਾਂਗ ਕੁਟਿਆ ਗਿਆ ਤੇ ਗੁੱਤੋਂ ਫੜ ਕੇ ਘੜੀਸਿਆ ਗਿਆ।
ਇਕ ਹੋਰ ਵੀਡੀਓ ਵਿਚ ਸੁਖਬੀਰ ਬਾਦਲ ਨੂੰ ਇਕ ਔਰਤ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਨਾਲ ਲਾਠੀਚਾਰਜ ਦੀ ਘਟਨਾ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਪੁਲਿਸ ਵੱਲੋਂ ਕੁੱਟਮਾਰ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਦੱਸਿਆ ਕਿ ਉਹ ਜਾਤੀਵਾਦੀ ਟਿੱਪਣੀਆਂ ਦਾ ਵੀ ਸ਼ਿਕਾਰ ਹੋਈਆਂ ਹਨ। ਕਾਂਗਰਸ ਸਰਕਾਰ ਨਾ ਸਿਰਫ ਆਪਣੇ ਘਰ-ਘਰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰ ਗਈ, ਬਲਕਿ ਉਨ੍ਹਾਂ ਨੂੰ ਕੁੱਟ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਔਰਤਾਂ ਦੀ ਸਹਾਇਤਾ ਅਤੇ ਉਨ੍ਹਾਂ ਲਈ ਲੜਨ ਲਈ ਆਵੇਗਾ। ”
ਧਿਆਨ ਯੋਗ ਹੈ ਕਿ ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਮਾਰਚ ਕਰਦਿਆਂ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਸੀ। ਈਟੀਟੀ / ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਵਰਤਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਅਪਰਾਧਿਕ ਕੇਸ ਦਰਜ