Sukhbir speaks on FIR against : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਗੁਰਦੁਆਰਾ ਕਮੇਟੀ ਵਿੱਚ ਪਾਸ ਕੀਤੇ ਬਿੱਲਾਂ ਦੇ ਪੁਰਾਣੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਦਿੱਲੀ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕਰ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਖਿਲਾਫ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੇ ਸਮਰਥਕਾਂ ਨੂੰ ਡਰਾਉਣ-ਧਣਕਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਬਾਂਹ-ਮਰੋੜੋ ਵਾਲੀ ਤਰਕੀਬ ਦੇਖ ਕੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਹੈਰਾਨ ਹਨ। ਹੁਣ ਕੇਂਦਰ ਕਿਸਾਨ ਅੰਦੋਲਨ ਵਿੱਚ ਵੱਧ-ਚੜ੍ਹ ਕੇ ਮਦਦ ਕਰ ਰਹੀ ਦਿੱਲੀ ਗੁਰੁਦਆਰਾ ਕਮੇਟੀ ਦੇ ਪਿੱਛੇ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਦਾ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੋਈ ਅਸਰ ਨਹੀਂ ਪਏਗਾ ਤੇ ਉਹ ਕਿਸਾਨ ਭਰਾਵਾਂ ਦੀ ਮਦਦ ਤੋਂ ਇੱਕ ਵੀ ਪੈਰ ਪਿੱਛੇ ਨਹੀਂ ਹਟਾਏਗੀ।
ਸੁਖਬੀਰ ਬਾਦਲ ਨੇ ਇਸ ਗੱਲ ’ਤੇ ਹੈਰਾਨਗੀ ਜ਼ਾਹਿਰ ਕਰਦਿਆਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ’ਤੇ 2018 ਦੇ ਉਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦਾ ਨਾਂ ਹੀ ਨਹੀਂ ਸੀ ਅਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਕੀਤੀ ਗਈ ਸ਼ਿਕਾਇਤ ਵਿੱਚ ਜੀਕੇ ਦੇ ਨਾਂ ਕੱਢ ਕੇ ਸਿਰਸਾ ਦਾ ਨਾਂ ਸ਼ਾਮਲ ਕਰ ਦਿੱਤਾ ਗਿਆ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਦੀ ਭਾਜਪਾ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ. ਬਾਦਲ ਨੇ ਬੀਤੇ ਦਿਨ ਬਿਲਾਸਪੁਰ ਵਿੱਚ ਸਿਰਸਾ ਨੂੰ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ ਅਤੇ ਸਵਾਲ ਕੀਤਾ ਕਿ ਕੀ ਕਿਸਾਨਾਂ ਦੀ ਮਦਦ ਕਰਨਾ ਫੌਜਦਾਰੀ ਗੁਨਾਹ ਹੈ? ਦੱਸਣਯੋਗ ਹੈ ਕਿ ਸਿਰਸਾ ਬਿਲਾਸਪੁਰ, ਪੀਲੀਭੀਤ ‘ਚ ਕਿਸਾਨਾਂ ਦੀ ਮਦਦ ਲਈ ਕਮੇਟੀ ਦਾ ਵਫ਼ਦ ਲੈ ਕੇ ਗਏ ਸਨ। ਉਥੇ ਯੂ.ਪੀ. ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।