ਯੂਕੇ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇੱਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਐੱਨ.ਆਰ.ਆਈਜ਼. ਨਾਲ ਸਬੰਧਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ) ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।
ਐੱਮ.ਪੀ. ਢੇਸੀ ਨੇ ਕਿਹਾ ਕਿ ਮੈਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨਾ ਨਿੱਘਾ ਸਵਾਗਤ ਕੀਤਾ ਅਤੇ ਰਾਘਵ ਚੱਢਾ ਅਤੇ ਵਿਧਾਇਕ ਨਿੱਝਰ ਨੇ ਆਪਣਾ ਕੀਮਤੀ ਸਮਾਂ ਦਿੱਤਾ। ਇਸ ਮੀਟਿੰਗ ਵਿੱਚ ਅਸੀਂ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ, ਜ਼ਮੀਨੀ ਵਿਵਾਦ ਦੇ ਕੇਸਾਂ, ਬਲੈਕਲਿਸਟ ਵਿਅਕਤੀਆਂ ਅਤੇ ਲੰਮੇ ਸਮੇਂ ਦੇ ਸਿਆਸੀ ਕੈਦੀਆਂ ਤੇ ਐੱਨ.ਆਰ.ਆਈ. ਦੇ ਸਿੱਧੇ ਨਿਵੇਸ਼ ਨੂੰ ਆਕਰਸ਼ਿਤ ਕਰਨ ਨੂੰ ਲੈ ਕੇ ਬਿਹਤਰ ਕਾਨੂੰਨਾਂ ਬਾਰੇ ਚਿੰਤਾਵਾਂ ਸਣੇ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ।
ਉਨ੍ਹਾਂ ਕਿਹਾ ਕਿ ਅਸੀਂ ਵਧੇਰੇ ਸੰਪਰਕ ਰਾਹੀਂ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੀ ਅਹਿਮੀਅਤ ਖਾਸ ਤੌਰ ‘ਤੇ ਲੰਡਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਸੰਬੰਧੀ ਵੀ ਚਰਚਾ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਢੇਸੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੀ ਵਿਰਾਸਤ ਦੀ ਧਰਤੀ ਨੂੰ ਵਧਦਾ-ਫੁੱਲਦਾ ਵੇਖਣਾ ਚਾਹੁੰਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਸਹਿਯੋਗ ਅਤੇ ਤਰੱਕੀ ਵਧੇਗੀ।