ਲੁਧਿਆਣਾ ਵਿੱਚ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ (ਏ.ਡੀ.ਈ.ਓ.) ਵੱਲੋਂ ਝਿੜਕਣ ਤੋਂ ਬਾਅਦ ਸਕੂਲ ਅਧਿਆਪਕਾ ‘ਤੇ ਅਧਰੰਗ ਦੇ ਹਮਲੇ ਦਾ ਮਾਮਲਾ ਜ਼ੋਰ ਫੜ ਰਿਹਾ ਹੈ। ਜ਼ਿਲ੍ਹੇ ਦੇ ਅਧਿਆਪਕ ਇਸ ਘਟਨਾ ਤੋਂ ਬਾਅਦ ਏਡੀਈਓ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।
ਐਤਵਾਰ ਨੂੰ ‘ਅਧਿਆਪਕ ਦਿਵਸ’ ਦੇ ਦਿਨ ਵੱਖ -ਵੱਖ ਅਧਿਆਪਕ ਯੂਨੀਅਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਮਿੰਨੀ ਸਕੱਤਰੇਤ ਦੇ ਅੰਦਰ ‘ਅਧਿਆਪਕ ਦਿਵਸ’ ‘ਤੇ ਆਨਲਾਈਨ ਪ੍ਰੋਗਰਾਮ ਰਾਹੀਂ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਵਿਰੋਧ ਕਰ ਰਹੇ ਸੁਖਪਾਲ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਚੌਹਾਨ ਦਾ ਕਹਿਣਾ ਹੈ ਕਿ ਏਡੀਈਓ ਵੱਲੋਂ ਸਾਹਨੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੁਪਨਦੀਪ ਕੌਰ ਨੂੰ ਭੀੜ ਵਿੱਚਕਾਰ ਝਿੜਕਣ ਦੀ ਘਟਨਾ ਅਤਿ ਨਿੰਦਣਯੋਗ ਹੈ। ਇਸ ਨਾਲ ਅਧਿਆਪਕਾ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਉਨ੍ਹਾਂ ਸਿੱਖਿਆ ਵਿਭਾਗ ਦੇ ਮਾਮਲੇ ਦੀ ਜਾਂਚ ਅਤੇ ਏਡੀਈਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਨਕਲੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਕੀਤੇ ਕਾਬੂ
ਦੱਸ ਦੇਈਏ ਕਿ ਵੀਰਵਾਰ ਨੂੰ ਲੁਧਿਆਣਾ ਦੇ ਸਾਹਨੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੁਪਨਦੀਪ ਕੌਰ ਨੇ ਟੀਕਾਕਰਣ ਕੈਂਪ ਲਈ ਕਮਰਾ ਨਾ ਦੇਣ ਕਾਰਨ ਸਕੂਲ ਪਹੁੰਚੇ ADEO ਨੇ ਲੋਕਾਂ ਦੇ ਸਾਹਮਣੇ ਉਸ ਨੂੰ ਝਿੜਕਿਆ ਸੀ। ਇਸ ਦੌਰਾਨ ਅਧਿਆਪਕਾ ਨੂੰ ਪੈਰਾਲਿਸਿਸ ਦਾ ਅਟੈਕ ਆ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉਦੋਂ ਤੋਂ ਅਧਿਆਪਕ ਜਥੇਬੰਦੀਆਂ ਏਡੀਈਓ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸੁਣਵਾਈ ਨਾ ਹੋਈ ਤਾਂ ਉਹ 9 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਨਗੇ।