The health department kept : ਤਰਨਤਾਰਨ ਵਿਚ ਸਿਹਤ ਵਿਭਾਗ ਦੀ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਹੀ ਨਾਂ ਹੋਣ ਕਾਰਨ ਸਿਹਤ ਕਰਮਚਾਰੀਆਂ ਨੇ ਹੋਮ ਕੁਆਰੰਟਾਈਨ ਪੂਰਾ ਕਰ ਚੁੱਕੇ ਨੌਜਵਾਨ ਨੂੰ ਕੋਰੋਨਾ ਦੇ ਮਰੀਜ਼ਾਂ ਨਾਲ ਚਾਰ ਘੰਟੇ ਤੱਕ ਆਈਸੋਲੇਸ਼ਨ ਵਾਰਡ ਵਿਚ ਰਖਿਆ। ਬਾਅਦ ਵਿਚ ਗਲਤੀ ਦਾ ਪਤਾ ਲੱਗਣ ’ਤੇ ਵਿਭਾਗ ਨੇ ਉਸ ਨੂੰ ਆਈਸੋਲੇਸ਼ਨ ਤੋਂ ਬਾਹਰ ਕੱਢਿਆ। ਇਸ ਸਾਰੇ ਮਾਮਲੇ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸੁਆਲੀਆ ਨਿਸ਼ਾਨ ਲਗਦਾ ਹੈ ਕਿ ਇਸ ਤਰ੍ਹਾਂ ਇਕ ਠੀਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਸੰਭਾਵਨਾ ਵਧ ਸਕਦੀ ਹੈ।
ਜਾਣਕਾਰੀ ਮੁਤਾਬਕ ਤਰਨਤਾਰਨ ਵਿਚ ਸੱਤ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਤਾਂ ਉਨ੍ਹਾਂ ਨੂੰ ਲੈਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੁਲਿਸ ਦੇ ਨਾਲ ਗਈਆਂ। ਪੀੜਤ ਮਰੀਜ਼ਾਂ ਵਿਚ ਸੁਰਸਿੰਘ ਪਿੰਡ ਦੇ ਦੋ ਵਿਅਕਤੀਆਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਵਿਚੋਂ 24 ਸਾਲਾ ਜਤਿੰਦਰ ਸਿੰਘ ਨੂੰ 26 ਅਪ੍ਰੈਲ ਤੋਂ ਆਪਣੇ ਹੀ ਘਰ ਵਿਚ ਕੁਆਰੰਟਾਈਨ ਕੀਤਾ ਗਿਆ ਸੀ। ਸਿਹਤ ਵਿਭਾਗ ਦੀ ਟੀਮ ਨੇ ਇਸੇ ਨਾਂ ਦੇ ਹੋਰ ਨੌਜਵਾਨ, ਜਿਸ ਦਾ 14 ਦਿਨਾਂ ਦਾ ਹੋਮ ਕੁਆਰੰਟਾਈਨ ਪੂਰਾ ਹੋ ਗਿਆ ਸੀ, ਨੂੰ ਉਸ ਦੇ ਘਰੋਂ ਚੁੱਕ ਲਿਆ। ਉਸ ਦਾ ਸੈਂਪਲ ਟੈਸਟ ਬੁੱਧਵਾਰ ਨੂੰ ਲਿਆ ਗਿਆ ਸੀ, ਜਦਕਿ ਵੀਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਉਥੋਂ ਲੈ ਕੇ ਉਸ ਦੇ ਘਰ ਨੂੰ ਵੀ ਸੀਲ ਕਰ ਦਿੱਤਾ।
ਨੌਜਵਾਨ ਪੂਰੇ ਪਿੰਡ ਨੂੰ ਦੱਸਦਾ ਰਿਹਾ ਕਿ ਉਹ ਪਾਜ਼ੀਟਿਵ ਨਹੀਂ ਹੈ ਪਰ ਉਸ ਦੀ ਕਿਸੇ ਨੇ ਨਾ ਸੁਣੀ। ਪੁਲਿਸ ਦੀ ਮਦਦ ਨਾਲ ਉਸ ਨੂੰ ਐਂਬੂਲੈਂਸ ਵਿਚ ਬਿਠਾਇਆ ਗਿਆ, ਜਿਸ ਵਿਚ ਪਹਿਲਾਂ ਤੋਂ ਹੀ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਸੀ। ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਹੋਰ ਕੋਰੋਨਾ ਮਰੀਜ਼ਾਂ ਦੇ ਨਾਲ ਰਖਿਆ ਗਿਆ। ਅਖੀਰ ਨੌਜਵਾਨ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ ’ਤੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਅਫਸਰਾਂ ਨੂੰ ਚੰਗੀ ਫਟਕਾਰ ਲਗਾਈ ਗਈ ਤੇ ਦੁਪਹਿਰ ਢਾਈ ਵਜੇ ਦੇ ਕਰੀਬ ਜਤਿੰਦਰ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਾਲੇ ਆਈਸੋਲੇਸ਼ਨ ਵਾਰਡ ’ਚੋਂ ਕੱਡਿਆ ਗਿਆ। ਸਾਢੇ ਤਿੰਨ ਵਜੇ ਸੁਰਸਿੰਘ ਤੋਂ ਪਾਜ਼ੀਟਿਵ ਮਰੀਜ਼ ਜਤਿੰਦਰ ਸਿੰਘ ਨੂੰ ਉਸ ਦੇ ਘਰੋਂ ਚੁੱਕਿਆ ਗਿਆ। ਇਸ ਪੂਰੀ ਘਟਨਾ ’ਤੇ ਜਤਿੰਦਰ ਸਿੰਘ ਨੇ ਸਿਹਤ ਵਿਭਾਗ ਦੀ ਲਾਪਰਵਾਹੀ ’ਤੇ ਸਿਹਤ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ. ਉਸ ਦਾ ਕਹਿਣਾ ਹੈ ਕਿ ਉਸ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ ਨਾਲ ਐਂਬੂਲੈਂਸ ਅਤੇ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ, ਜਿਸ ਨਾਲ ਉਹ ਵੀ ਪਾਜ਼ੀਟਿਵ ਹੋ ਸਕਦਾ ਹੈ।