ਜਲੰਧਰ ਵਿੱਚ ਭਿਆਨਕ ਗਰਮੀ ਕਾਰਨ ਛੱਤ ‘ਤੇ ਰੱਖੇ ਵਾਟਰ ਕੂਲਰ ਦਾ ਪਾਣੀ ਪੀਣਾ ਮਜ਼ਦੂਰ ਨੂੰ ਮਹਿੰਗਾ ਪੈ ਗਿਆ। ਇਸ ਤੋਂ ਨਾਰਾਜ਼ ਹੋ ਕੇ ਰਾਜਮਿਸਤਰੀ ਨੇ 3 ਪੁੱਤਰਾਂ ਅਤੇ ਇਕ ਸਾਥੀ ਨਾਲ ਮਿਲ ਕੇ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸਨੇ ਉਸ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਮਜ਼ਦੂਰ ਬੇਹੋਸ਼ ਹੋ ਗਿਆ। ਮਜ਼ਦੂਰ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਮਜ਼ਦੂਰ ਦੇ ਬਿਆਨ ‘ਤੇ ਪੁਲਿਸ ਨੇ ਦੋਸ਼ੀ, ਉਸਦੇ ਤਿੰਨ ਪੁੱਤਰਾਂ ਅਤੇ ਇੱਕ ਸਾਥੀ ਦੇ ਖਿਲਾਫ ਕਾਤਲਾਨਾ ਹਮਲੇ ਦਾ ਕੇਸ ਦਰਜ ਕੀਤਾ ਹੈ।
ਪਿੰਡ ਸ਼ੇਖੇ ਦੇ ਵਸਨੀਕ ਲਖਵਿੰਦਰ ਕੁਮਾਰ ਲੱਖਾ ਨੇ ਦੱਸਿਆ ਕਿ ਉਹ ਥ੍ਰੀ ਸਟਾਰ ਕਾਲੋਨੀ ਵਿੱਚ ਵਿਵੇਕ ਕੁਮਾਰ ਦੇ ਘਰ ਠੇਕੇਦਾਰ ਹਰਿੰਦਰ ਗੁਪਤਾ ਨਾਲ ਕੰਮ ਕਰ ਰਿਹਾ ਹੈ। ਇਸ ਘਰ ਦੇ ਉਪਰਲੇ ਹਿੱਸੇ ਨੂੰ ਬੰਨ੍ਹਣ ਦਾ ਕੰਮ ਚੱਲ ਰਿਹਾ ਹੈ। ਉਸ ਦੇ ਨਾਲ ਜਸਕਰਨ ਨਿਵਾਸੀ ਹਰਦਿਆਲ ਨਗਰ ਅਤੇ ਸਾਬੀ ਵੀ ਕੰਮ ਕਰਦੇ ਹਨ। ਲਖਵਿੰਦਰ ਨੇ ਦੱਸਿਆ ਕਿ ਠੇਕੇਦਾਰ ਸਲਾਉਦੀਨ ਅਤੇ ਉਸ ਦੇ ਬੇਟੇ ਇਕਬਾਲ ਆਲਮ ਉਰਫ ਲੱਕੀ, ਲੱਖੂ ਰਹਿਮਾਨ ਅਤੇ ਸੈਦੂ ਰਹਿਮਾਨ ਅਤੇ ਉਨ੍ਹਾਂ ਦੇ ਸਾਥੀ ਬੀਗੋ ਮੁਖੀਆ ਵੀ ਉਨ੍ਹਾਂ ਨਾਲ ਕੰਮ ਕਰਦੇ ਹਨ। ਇਹ ਰਾਜ ਮਿਸਤਰੀ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਕਿਸਾਨਾਂ ਨੇ ਕੈਪਟਨ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, 8 ਘੰਟੇ ਬਿਜਲੀ ਨਾ ਦੇਣ ਕਾਰਨ ਪਾਵਰਕਾਮ ਆਫਿਸ ਦਾ ਕੀਤਾ ਘੇਰਾਓ
ਲਖਵਿੰਦਰ ਨੇ ਦੱਸਿਆ ਕਿ ਦੁਪਹਿਰ 12.45 ਵਜੇ ਗਰਮੀ ਪੈ ਰਹੀ ਸੀ। ਜਦੋਂ ਉਸਨੂੰ ਪਿਆਸ ਲੱਗੀ ਤਾਂ ਉਸ ਨੇ ਛੱਤ ’ਤੇ ਪਏ ਵਾਟਰ ਕੂਲਰ ਵਿੱਚੋਂ ਪਾਣੀ ਪੀਣ ਲੱਗਾ। ਇੰਨੀ ਦੇਰ ਵਿੱਚ ਇਕਬਾਲ ਆਲਮ ਉਰਫ ਲੱਕੀ ਉਥੇ ਆ ਗਿਆ। ਉਹ ਕਹਿਣ ਲੱਗਾ ਕਿ ਅਸੀਂ ਰੋਟੀ ਖਾਣ ਲਈ ਪਾਣੀ ਭਰਿਆ ਸੀ। ਤੂੰ ਇਸ ਨੂੰ ਜੂਠਾ ਤੇ ਖਰਾਬ ਕਰ ਦਿੱਤਾ ਅਤੇ ਗਾਲ੍ਹਾਂ ਕੱਢਣ ਲੱਗਾ।
ਜਦੋਂ ਉਨ੍ਹਾਂ ਵਿਚਕਾਰ ਹੱਥੋਪਾਈ ਹੋਣ ਲੱਗੀ ਤਾਂ ਲੱਕੀ ਦਾ ਪਿਓ ਸਲਾਉਦੀਨ ਅਤੇ ਭਰਾ ਲੱਖੂ, ਸੈਦੂ ਅਤੇ ਸਾਥੀ ਬਿਗੋ ਮੁਖੀ ਵੀ ਉਥੇ ਆ ਗਏ। ਇਕਬਾਲ ਨੇ ਕਹੀ ਚੁੱਕੀ ਅਤੇ ਉਸ ਉੱਤੇ ਹਮਲਾ ਕਰ ਦਿੱਤਾ। ਇਹ ਉਸਦੇ ਚਿਹਰੇ ‘ਤੇ ਲੱਗੀ। ਸਲਾਉਦੀਨ ਨੇ ਉਸ ਉੱਤੇ ਸੱਬਲ ਮਾਰ ਦਿੱਤਾ। ਪੰਜਾਂ ਮੁਲਜ਼ਮਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਮਾਰਨ ਲਈ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਉਹ ਹੇਠਾਂ ਡਿੱਗਣ ਨਾਲ ਬੇਹੋਸ਼ ਹੋ ਗਿਆ। ਠੇਕੇਦਾਰ ਨੇ ਉਸਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ।