ਅੰਮ੍ਰਿਤਸਰ : ਮਾਲ ਮੰਡੀ ਅਤੇ ਮਕਬੂਲਪੁਰਾ ਨੂੰ ਵੱਲਾ ਮੰਡੀ ਨਾਲ ਜੋੜਨ ਵਾਲੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਹੁਣ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਪਹਿਲਾਂ ਇਹ ਕੰਮ ਰੇਲਵੇ ਤੋਂ ਇਜਾਜ਼ਤ ਨਾ ਮਿਲਣ ਕਾਰਨ ਅਟਕਿਆ ਹੋਇਆ ਸੀ। ਉਸ ਤੋਂ ਬਾਅਦ ਫੌਜ ਤੋਂ ਇਜਾਜ਼ਤ ਨਾ ਮਿਲਣ ਕਾਰਨ ਦੇਰੀ ਹੋਈ। ਪਰ ਹੁਣ ਆਰਮੀ ਨਾਲ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ।
ਫੌਜ ਨੇ ਇੰਪਰੂਵਮੈਂਟ ਟਰੱਸਟ ਨੂੰ ਲਿਖਤੀ ਐਨਓਸੀ ਭੇਜ ਦਿੱਤੀ ਹੈ। ਜਿਸ ‘ਤੇ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਐਨਓਸੀ ਸਿਰਫ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹੋਰ ਉਦੇਸ਼ਾਂ ਲਈ ਨਹੀਂ ਵਰਤਿਆ ਜਾ ਸਕਦਾ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਨੇ ਕਿਹਾ ਹੈ ਕਿ ਟਰੱਸਟ ਲੰਮੇ ਸਮੇਂ ਤੋਂ ਇਹ ਐਨਓਸੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
ਧਿਆਨ ਦੇਣ ਯੋਗ ਹੈ ਕਿ ਫੌਜ ਦੇ ਹਥਿਆਰਾਂ ਦਾ ਡੰਪ ਵੱਲਾ ਦੇ ਬਿਲਕੁਲ ਨੇੜੇ ਬਣਾਇਆ ਗਿਆ ਹੈ, ਜਿਸ ਕਾਰਨ ਇਸਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੇ ਨਿਰਮਾਣ ‘ਤੇ ਪਾਬੰਦੀ ਹੈ। ਇੱਥੇ ਘਰ ਵੀ ਇੱਕ ਮੰਜ਼ਲ ਤੋਂ ਵੱਧ ਨਹੀਂ ਬਣਾਏ ਜਾ ਸਕਦੇ। ਪਰ ਜਦੋਂ ਵੱਲਾ ਮੰਡੀ ਨੇੜੇ ਰੇਲਵੇ ਓਵਰ ਬ੍ਰਿਜ ਦਾ ਕੰਮ ਸ਼ੁਰੂ ਹੋਇਆ ਤਾਂ ਇਹ ਵੀ ਫੌਜ ਦੀ ਮਨਜ਼ੂਰੀ ਨਾ ਮਿਲਣ ਕਾਰਨ ਰੁਕ ਗਿਆ।
ਇਹ ਵੀ ਪੜ੍ਹੋ : Breaking : ਪੰਜਾਬ ਦੇ 2 IAS ਤੇ 37 PCS ਅਫਸਰਾਂ ਦਾ ਹੋਇਆ ਤਬਾਦਲਾ, ਵੇਖੋ ਲਿਸਟ
ਮਾਲ ਮੰਡੀ ਵਾਲੇ ਪਾਸੇ ਤਾਂ ਪੁਲ ਦੀ ਉਸਾਰੀ ਹੋ ਗਈ, ਪਰ ਵੱਲਾ ਮੰਡੀ ਵੱਲ ਨਾ ਤਾਂ ਓਵਰ ਬਰਿੱਜ ਦੇ ਪਿਲਰ ਖੜ੍ਹੇ ਕੀਤੇ ਜਾ ਸਕੇ ਅਤੇ ਨਾ ਹੀ ਸਲੈਬ ਪਾਈ ਜਾ ਸਕੀ, ਜਿਸ ਦੇ ਚੱਲਦਿਆਂ ਪਿਛਲੇ ਦੋ ਸਾਲਾਂ ਤੋਂ ਇਸ ਓਵਰ ਬ੍ਰਿਜ ਦਾ ਕੰਮ ਅਟਕਿਆ ਹੋਇਆ ਸੀ ਅਤੇ ਇਥੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।