ਚੰਡੀਗੜ੍ਹ : ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਬਿਨਾਂ ਜਾਣਕਾਰੀ ਤੋਂ ਪਹੁੰਚੇ ਅਧਿਆਪਕਾਂ ਦੇ ਆਉਣ ਦੀ ਸੂਚਨਾ ‘ਤੇ ਚੰਡੀਗੜ੍ਹ ਪੁਲਿਸ ਨੂੰ ਭਾਜੜਾਂ ਪੈ ਗਈਆਂ। ਮੁਸ਼ਕਿਲ ਨਾਲ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਇਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਅਧਿਆਪਕਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਪੁਰਾਣਾ ਤਨਖਾਹ ਸਕੇਲ ਦਿੱਤਾ ਜਾਵੇ ਅਤੇ ਡੈਪੂਟੇਸ਼ਨ ਰੱਦ ਕੀਤੀ ਜਾਵੇ। ਈਟੀਟੀ ਟੈਟ ਪਾਸ ਟੀਚਰਜ਼ ਐਸੋਸੀਏਸ਼ਨ, ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਿੱਚ, ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਲਈ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਧਰਨੇ ‘ਤੇ ਬੈਠ ਗਏ।
ਇਹ ਵੀ ਪੜ੍ਹੋ : ਸਿੱਧੂ ਦੇ ਖਾਸ ਪਰਗਟ ਸਿੰਘ ਨੇ ਹਰੀਸ਼ ਰਾਵਤ ‘ਤੇ ਹੀ ਚੁੱਕ ਦਿੱਤੇ ਸਵਾਲ : ਕਿਹਾ- ਕਿਸ ਨੇ ਦਿੱਤਾ ਫੈਸਲਾ ਲੈਣ ਦਾ ਹੱਕ
ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇੱਕ ਨਾ ਸੁਣੀ। ਬਹੁਤ ਕੋਸ਼ਿਸ਼ ਤੋਂ ਬਾਅਦ, ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਕਰੀਬ ਤਿੰਨ ਵਜੇ, ਚੰਡੀਗੜ੍ਹ ਪੁਲਿਸ ਸਾਰੇ ਅਧਿਆਪਕਾਂ ਨੂੰ ਰੈਲੀ ਗਰਾਊਂਡ ਸੈਕਟਰ-25 ਚੰਡੀਗੜ੍ਹ ਵਿੱਚ ਲੈ ਗਈ।
ਸ਼ਾਮ ਕਰੀਬ ਚਾਰ ਵਜੇ ਅਧਿਆਪਕਾਂ ਨੂੰ ਮੁੱਖ ਮੰਤਰੀ ਨਿਵਾਸ ਤੋਂ ਫੋਨ ਆਇਆ। ਰਿਹਾਇਸ਼ ਤੋਂ ਸੁਨੇਹਾ ਮਿਲਿਆ ਕਿ ਉਨ੍ਹਾਂ ਦੀ ਮੀਟਿੰਗ 31 ਅਗਸਤ ਨੂੰ ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬਾਂਸਲ ਨਾਲ ਹੋਵੇਗੀ। ਮੀਟਿੰਗ ਵਿੱਚ ਅਧਿਆਪਕਾਂ ਦੀ ਗੱਲ ਸੁਣਨ ਦੇ ਬਾਅਦ ਕੋਈ ਉਚਿਤ ਹੱਲ ਦੀ ਕੋਸ਼ਿਸ਼ ਕੀਤੀ ਜਾਵੇਗੀ।