The young man was shot : ਫਿਰੋਜ਼ਪੁਰ ਦੇ ਪਿੰਡ ਹਰਦਾਸਾ ਵਿੱਚ ਦੀਵਾਲੀ ਵਾਲੀ ਰਾਤ ਦੋ ਦੋਸਤਾਂ ਵੱਲੋਂ ਪਟਾਕੇ ਚਲਾਉਣ ਨੂੰ ਲੈ ਕੇ ਗੁਆਂਢੀ ਇੰਨੇ ਭੜਕ ਗਏ ਕਿ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਜਦੋਂ ਉਸ ਦਾ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੇ ਸਿਰ ’ਤੇ ਗਡਾਸੀ ਮਾਰ ਕੇ ਜ਼ਖਮੀ ਕਰ ਦਿੱਤਾ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਨੌਜਵਾਨ ਨੂੰ ਡੀਐਮਸੀ ਲੁਧਿਆਣਾ ਅਤੇ ਉਸ ਦੇ ਪਿਤਾ ਤੇ ਦੋਸਤ ਨੂੰ ਜ਼ੀਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਥਾਣਾ ਸਦਨ ਜ਼ੀਰਾ ਪੁਲਿਸ ਨੇ ਪਰਿਵਾਰ ਦੀਆਂ ਦੋ ਔਰਤਾਂ ਸਣੇ 5 ਖਿਲਾਫ ਵੱਖ-ਵੱਖ ਧਾਰਾਵਾਂ ਬੇਠ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ 23 ਸਾਲਾ ਬੂਟਾ ਸਿੰਘ ਪੁੱਤਰ ਬਦਰਾ ਸਿੰਘ ਨਿਵਾਸੀ ਹਰਦਾਸਾ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਉਹ ਪਿੰਡ ਵਿਚ ਆਪਣੇ ਦੋਸਤ ਸੁਖਨੀਤ ਸਿੰਘ ਪੁੱਤਰ ਲਾਲ ਸਿੰਘ ਕੋਲ ਪਟਾਕੇ ਚਲਾਉਣ ਗਿਆ ਸੀ। ਰਾਤ ਕਰੀਬ 8.30 ਵਜੇ ਉਨ੍ਹਾਂ ਨੇ ਘਰ ਦੇ ਬਾਹਰਲੀ ਗਲੀ ਵਿਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਥੋੜ੍ਹੀ ਦੇਰ ਬਾਅਦ, ਗੁਰਵਿੰਦਰ ਸਿੰਘ ਉਰਫ ਗਗਨ ਪੁੱਤਰ ਮੇਜਰ ਸਿੰਘ ਦੇ ਹੱਥ ਵਿੱਚ ਰਿਵਾਲਵਰ ਸੀ ਅਤੇ ਉਸਦੀ ਪਤਨੀ ਸੁਮਨ ਲਾਠੀ, ਉਸਦਾ ਪਿਤਾ ਮੇਜਰ ਸਿੰਘ ਪੁੱਤਰ ਧਰਮ ਸਿੰਘ, ਜਿਸ ਦੇ ਹੱਥ ਵਿੱਚ ਸੋਟੀ ਸੀ ਤੇ ਉਸ ਦੀ ਮਾਂ ਬਲਵਿੰਦਰ ਕੌਰ ਗੰਡਾਸੀ ਤੇ ਉਨ੍ਹਾਂ ਦਾ ਇੱਕ ਜਾਣਕਰ ਗੁਰਜੰਟ ਸਿੰਘ ਪੁੱਤਰ ਜਸਵਿੰਦਰ ਸਿੰਘ ਉਨ੍ਹਾਂ ਕੋਲ ਆਏ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੇ ਦੋਸਤਾਂ ਨੂੰ ਪੁੱਛਿਆ ਕਿ ਉਹ ਗਲੀ ਵਿੱਚ ਪਟਾਕੇ ਕਿਉਂ ਚਲਾ ਰਹੇ ਹਨ। ਇਸ ਦੌਰਾਨ ਉਸ ਦੇ ਦੋਸਤ ਸੁਖਨੀਤ ਨੇ ਜੁਆਬ ਦਿੱਤਾ ਕਿ ਉਹ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ ਤਾਂ ਇਕ ਦੋਸ਼ੀ ਗੁਰਜੰਟ ਸਿੰਘ ਨੇ ਰੌਲਾ ਗੁਰਵਿੰਦਰ ਸਿੰਘ ਨੂੰ ਗੋਲੀ ਮਾਰਨ ਲਈ ਕਿਹਾ ਕਿ ਇਨ੍ਹਾਂ ਨੇ ਇਸ ਤਰ੍ਹਾਂ ਪਟਾਕੇ ਚਲਾਉਣੋ ਨਹੀਂ ਹਟਣਾ। ਗੁਰਵਿੰਦਰ ਸਿੰਘ ਉਰਫ ਗਗਨ ਨੇ ਆਪਣੇ ਹੱਥ ਰਿਵਾਲਵਰ ਨੂੰ ਸਿੱਧੇ ਆਪਣੇ ਦੋਸਤ ਸੁਖਨੀਤ ‘ਤੇ ਗੋਲੀ ਮਾਰਨਾ ਚਾਹਿਆ ਜੋ ਉਸਦੇ ਢਿੱਡ ਤੇ ਦੋਸ਼ੀ ਨੇ ਇੱਕ ਹੋਰ ਗੋਲੀ ਚਲਾਈ ਜੋ ਸੁਖਨੀਤ ਦੀ ਪਿੱਠ ਵਿੱਚ ਲੱਗੀ। ਜਦੋਂ ਸੁਖਨੀਤ ਦੇ ਪਿਤਾ ਲਾਲ ਸਿੰਘ ਘਰੋਂ ਬਾਹਰ ਆਏ ਤਾਂ ਗੁਰਵਿੰਦਰ ਦੀ ਮਾਂ ਬਲਵਿੰਦਰ ਕੌਰ ਨੇ ਆਪਣੇ ਹੱਥ ਵਿੱਚ ਫੜੀ ਗੰਡਾਸੀ ਨਾਲ ਉਸ ’ਤੇ ਵਾਰ ਕਰ ਦਿੱਤਾ, ਜੋ ਉਸਦੇ ਸਿਰ ’ਤੇ ਲੱਗਾ। ਇਸ ਤੋਂ ਬਾਅਦ ਦੋਸ਼ੀ ਮੇਜਰ ਸਿੰਘ ਅਤੇ ਸੁਮਨ ਵੀ ਉਨ੍ਹਾਂ ਨਾਲ ਮਾਰਕੁੱਟ ਕਰਨ ਲੱਗੇ। ਇਸ ਦੌਰਾਨ ਦੋਸ਼ੀ ਗੁਰਵਿੰਦਰ ਸਿੰਘ ਨੇ ਇੱਕ ਪਾਸੇ ਗੋਲੀ ਚਲਾਈ, ਜੋ ਉਸ ਦੇ ਖੱਬੇ ਹੱਥ ਦੇ ਅੰਗੂਠੇ ’ਤੇ ਲੱਗੀ। ਉਸ ਦੇ ਦੋਸਤ ਦੀ ਮਾਂ ਹਰਦੀਪ ਕੌਰ ਨੇ ਰੌਲਾ ਪਾਇਆ ਤਾਂ ਉਹ ਲੋਕ ਮੌਕੇ ਤੋਂ ਫਰਾਰ ਹੋ ਗਏ ਧਮਕੀ ਦੇ ਕੇ ਗਏ ਕਿ ਜੇ ਉਹ ਫਿਰ ਪਟਾਕੇ ਚਲਾਉਣਗੇ ਤਾਂ ਉਹ ਉਨ੍ਹਾਂ ਦਾ ਹੋਰ ਵੀ ਮਾੜਾ ਹਾਲ ਕਰਨਗੇ।
ਸੁਖਨੀਤ ਸਿੰਘ ਦੇ ਦੋ ਗੋਲੀਆਂ ਲੱਗਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ, ਜਿਸ ‘ਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਅਤੇ ਉਸ ਦੇ ਦੋਸਤ ਲਾਲ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੁਖਨੀਤ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਤੋਂ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੂਟਾ ਸਿੰਘ ਅਤੇ ਉਸਦੇ ਦੋਸਤ ਦੇ ਪਿਤਾ ਲਾਲ ਸਿੰਘ ਜੀਰਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਏਐਸਆਈ ਸ਼ਮਸ਼ੇਰ ਸਿੰਘ ਨੇ ਇਸ ਬਾਰੇ ਦੱਸਿਆ ਕਿ ਬੂਟਾ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।