ਪਟਿਆਲਾ : ਦੀਵਾਲੀ ਦੇ ਤਿਉਹਾਰ ‘ਤੇ ਜਿੱਥੇ ਪੁਲਿਸ ਮੁਲਾਜ਼ਮ ਫੀਲਡ ‘ਚ ਡਿਊਟੀ ‘ਤੇ ਡਟੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਤਨਖਾਹ ਨਾ ਮਿਲਣ ਦੀ ਚਿੰਤਾ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਖਾਤੇ ਵਿੱਚ ਆਉਣ ਵਾਲੀ ਤਨਖ਼ਾਹ ਇਸ ਵਾਰ ਪੁਲਿਸ ਮੁਲਾਜ਼ਮਾਂ ਦੇ ਖਾਤੇ ਵਿੱਚ ਨਹੀਂ ਪੁੱਜੀ। ਤਨਖਾਹ ਨਾ ਮਿਲਣ ਕਾਰਨ ਪੁਲਿਸ ਮੁਲਾਜ਼ਮਾਂ ਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਹੈ। ਨਿਯਮਾਂ ਵਿੱਚ ਬੱਝੇ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਬੋਲ ਨਹੀਂ ਪਾ ਰਹੇ ਹਨ।
ਉੱਥੇ ਹੀ ਇਸ ਮਾਮਲੇ ‘ਤੇ ਬੋਲਦਿਆਂ ASI ਅਮਰਜੀਤ ਸਿੰਘ ਨੇ ਕਿਹਾ ਕਿ ਅਕਸਰ ਪਟਿਆਲਾ ਜਿਲ੍ਹੇ ਦੇ ਪੱਤਰਕਾਰ ਪੁਲਿਸ ਮਹਿਕਮੇ ਦੇ ਅਫਸਰਾਂ ਕੋਲ ਖਬਰਾਂ ਲਈ ਘੁੰਮਦੇ ਰਹਿੰਦੇ ਹਨ, ਹੁਣ ਦੇਖਦੇ ਹਾਂ ਕਿਹੜੇ-ਕਿਹੜੇ ਪੱਤਰਕਾਰ ਵਿੱਚ ਦਮ ਹੈ ਕਿ ਉਹ ਪਟਿਆਲਾ ਪੁਲਿਸ ਦੇ ਮੁਲਾਜ਼ਮਾਂ ਨੂੰ ਅੱਜ ਮਿਤੀ ਦੀਵਾਲੀ ਵਾਲੇ ਦਿਨ ਤੱਕ ਤਨਖਾਹਾਂ ਨਾ ਮਿਲਣ ਦੇ ਸੰਬੰਧ ਵਿੱਚ ਖਬਰਾਂ ਲਾਉਣ ਦੀ ਹਿੰਮਤ ਰੱਖਦੇ ਹਨ!
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ। ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ, ਪਰ ਜਿਹੜੇ ਪੁਲਿਸ ਮੁਲਾਜ਼ਮ ਫੀਲਡ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਣੀ ਚਾਹੀਦੀ ਸੀ। ਪੰਜਾਬ ਵਿੱਚ ਇਸ ਸਮੇਂ ਇੱਕ ਲੱਖ ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਹਨ। ਜਿਨ੍ਹਾਂ ਦੀਆਂ ਤਨਖ਼ਾਹਾਂ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਈਆਂ ਅਤੇ ਆਉਣ ਵਾਲੀਆਂ ਛੁੱਟੀਆਂ ਕਾਰਨ ਇਸ ਵਿੱਚ ਦੇਰ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਜ਼ਿਲ੍ਹਾ ਪੁਲਿਸ ਵਾਂਗ ਹੋਮਗਾਰਡ ਦੇ ਜਵਾਨ ਵੀ ਤਨਖਾਹ ਨਾ ਮਿਲਣ ’ਤੇ ਨਿਰਾਸ਼ ਨਜ਼ਰ ਆਏ। ਦੀਵਾਲੀ ਦੇ ਤਿਉਹਾਰ ਮੌਕੇ ਇਹ ਸਾਰੇ ਮੁਲਾਜ਼ਮ ਡਿਊਟੀ ‘ਤੇ ਪੁੱਜੇ ਸਨ ਪਰ ਤਨਖ਼ਾਹ ਨਾ ਮਿਲਣ ਕਾਰਨ ਪਰੇਸ਼ਾਨ ਹੋਮ ਗਾਰਡ ਨੇ ਕਿਹਾ ਕਿ ਉਹ ਲੋਨ ਦੀਆਂ ਕਿਸ਼ਤਾਂ ਅਤੇ ਤਿਉਹਾਰ ਦੇ ਖਰਚਿਆਂ ਵਾਸਤੇ ਤਨਖ਼ਾਹ ‘ਤੇ ਨਿਰਭਰ ਹਨ। ਤਿਉਹਾਰਾਂ ਦੇ ਸੀਜ਼ਨ ‘ਚ ਪਹਿਲਾਂ ਹੀ ਇੰਨਾ ਖਰਚ ਹੋ ਗਿਆ ਸੀ ਕਿ ਦੀਵਾਲੀ ਤੋਂ ਪਹਿਲਾਂ ਤਨਖਾਹ ਨਾ ਮਿਲਣ ਕਰਕੇ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਮਗਾਰਡਾਂ ਨੂੰ ਹਰ ਮਹੀਨੇ ਦੀ 4 ਤੋਂ 7 ਤਰੀਕ ਤੱਕ ਤਨਖਾਹ ਮਿਲਦੀ ਹੈ। ਇਸ ਵਾਰ ਦੀਵਾਲੀ ਅਤੇ ਹੋਰ ਤਿਉਹਾਰਾਂ ਦੀਆਂ ਛੁੱਟੀਆਂ ਕਰਕੇ ਤਨਖਾਹ ਪਹਿਲਾਂ ਮਿਲਣ ਦੀ ਗੱਲ ਚੱਲ ਰਹੀ ਸੀ ਪਰ ਅਜਿਹਾ ਨਹੀਂ ਹੋਇਆ। ਹੋਮ ਗਾਰਡ ਦੇ ਜ਼ਿਲ੍ਹਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 13000 ਦੇ ਕਰੀਬ ਹੋਮ ਗਾਰਡ ਜਵਾਨ ਹਨ, ਜੋ ਦੀਵਾਲੀ ਤੋਂ ਪਹਿਲਾਂ ਤਨਖਾਹ ਮਿਲਣ ਦੀ ਆਸ ਵਿੱਚ ਸਨ।
ਇਹ ਵੀ ਪੜ੍ਹੋ : ਸਵਾਲਾਂ ‘ਚ ਘਿਰੇ ਵੜਿੰਗ, ਮਨਪ੍ਰੀਤ ਬਾਦਲ ਦੇ ਪਰਿਵਾਰ ਦੀ ਬੱਸ ਨੇ ਨਹੀਂ ਭਰਿਆ 13 ਲੱਖ ਦਾ ਟੈਕਸ
ਜ਼ਿਲ੍ਹਾ ਪਟਿਆਲਾ ਦੇ ਲੇਖਾ ਵਿੰਗ ਦੇ ਮੁਲਾਜ਼ਮ ਪਿਛਲੇ ਦਿਨੀਂ ਖਜ਼ਾਨਾ ਵਿਭਾਗ ਕੋਲ ਪਹੁੰਚੇ ਸਨ ਤਾਂ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ। ਦੋਵਾਂ ਧਿਰਾਂ ਵਿੱਚ ਬਹਿਸ ਵੀ ਹੋਈ, ਹਾਲਾਂਕਿ ਬਾਅਦ ਵਿੱਚ ਮਾਮਲਾ ਸੁਲਝਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਖਜ਼ਾਨਾ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੈਲਰੀ ਰਿਲੀਜ਼ ਕਰਨ ਵਿੱਚ ਨਾਂਹ-ਨੁਕਰ ਕੀਤੇ ਜਾਣ ਕਰਕੇ ਬਹਿਸ ਹੋਈ ਸੀ।
ਐਸਪੀ ਹੈੱਡਕੁਆਰਟਰ ਆਈ.ਪੀ.ਐਸ ਡਾ.ਸਿਮਰਤ ਕੌਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ। ਇਹ ਦੇਰ ਖਜ਼ਾਨਾ ਮਹਿਕਮੇ ਦੀ ਹੜਤਾਲ ਕਾਰਨ ਹੋ ਸਕਦੀ ਹੈ। ਫਿਲਹਾਲ ਉਹ ਛੁੱਟੀ ‘ਤੇ ਹਨ, ਛੁੱਟੀਆਂ ਤੋਂ ਬਾਅਦ ਦਫਤਰ ਜੁਆਇਨ ਕਰਨ ਤੋਂ ਬਾਅਦ ਪੂਰਾ ਮਾਮਲਾ ਕਲੀਅਰ ਕਰ ਸਕਣਗੇ।