Travel agent couple swindled : ਜਲੰਧਰ ਵਿੱਚ ਇੱਕ ਟਰੈਵਲ ਏਜੰਟ ਜੋੜੇ ਵੱਲੋਂ ਪੋਲੈਂਡ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਤੇ ਬਾਕੀ ਪੈਸੇ ਵਾਪਿਸ ਕਰਨ ਦਾ ਰਾਜ਼ੀਨਾਮਾ ਕਰ ਲਿਆ। ਫਿਰ ਰਾਜ਼ੀਨਾਮੇ ਤੋਂ ਮੁਕਰ ਗਏ ਅਤੇ ਪੈਸੇ ਮੰਗਣ ’ਤੇ ਝਗੜਾ ਕਰਨ ਲੱਗੇ। ਪੈਸੇ ਮੰਗਣ ’ਤੇ ਟਰੈਵਲ ਏਜੰਟ ਜੋੜੇ ਨੇ ਜਵਾਬ ਦਿੱਤਾ ਅਸੀਂ ਪੈਸੇ ਲੈਣਾ ਜਾਣਦੇ ਹਾਂ, ਵਾਪਿਸ ਕਰਨਾ ਨਹੀਂ। ਪੀੜਤ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਹੁਣ ਟਰੈਵਲ ਏਜੰਟ ਜੋੜੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੰਡ ਦੇ ਰਹਿਣ ਵਾਲੇ ਦਿਲਬਾਗ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਸੰਦੀਪ ਕੁਮਾਰ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਜੋਕਿ ਧਲੇਤਾ ਦੇ ਰਹਿਣ ਵਾਲੇ ਹਨ, ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਪੋਲੈਂਡ ਭੇਜਣ ਲਈ 14 ਲੱਖ ਰੁਪਏ ਲਏ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਨੂੰ ਵਿਦੇਸ਼ ਨਹੀਂ ਭੇਜਿਆ। ਫਿਰ ਉਨ੍ਹਾਂ ਨੇ ਪਿਛਲੇ ਸਾਲ ਅਗਸਤ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ਦੀ ਜਾਂਚ ਪੁਲਿਸ ਦੀ ਮਨੁੱਖੀ ਤਸਕਰੀ ਬ੍ਰਾਂਚ ਨੂੰ ਸੌਂਪੀ ਗਈ ਸੀ। ਜਦੋਂ ਜਾਂਚ ਸ਼ੁਰੂ ਹੋਈ ਤਾਂ ਮੁਲਜ਼ਮ ਉਨ੍ਹਾਂ ਨੂੰ ਕੁਝ ਰਕਮ ਵਾਪਸ ਕਰ ਗਏ ਅਤੇ 9.45 ਲੱਖ ਰੁਪਏ ਬਕਾਇਆ ਰਹਿ ਗਏ। ਉਥੇ ਉਨ੍ਹਾਂ ਨੇ ਰਾਜ਼ੀਨਾਮਾ ਕਰ ਲਿਆ ਕਿ ਬਾਕੀ ਰਕਮ ਵੀ ਕੁਝ ਸਮੇਂ ਵਿੱਚ ਵਾਪਿਸ ਕਰ ਦਿਆਂਗਾ ਅਤੇ ਤਿਨ ਲੱਖ ਰੁਪਏ ਪਹਿਲਾਂ ਦੇ ਦਿਆਂਗੇ।
20 ਦਸੰਬਰ ਨੂੰ ਹੋਏ ਇਸ ਰਾਜ਼ੀਨਾਮਾ ਦੇ ਬਾਵਜੂਦ ਉਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ। ਜਦੋਂ ਉਨ੍ਹਾਂ ਨੇ ਟਰੈਵਲ ਏਜੰਟਾਂ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਲੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਜਾਨ-ਮਾਲ ਦੇ ਨੁਕਸਾਨ ਦੀ ਧਮਕੀ ਦਿੱਤੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਅਸੀਂ ਪੈਸੇ ਲੈਣਾ ਜਾਣਦੇ ਹਾਂ, ਇਸ ਨੂੰ ਵਾਪਸ ਕਰਨਾ ਨਹੀਂ। ਉਨ੍ਹਾਂ ਧਮਕੀ ਦਿੱਤੀ ਕਿ ਜੇ ਸ਼ਿਕਾਇਤਕਰਤਾ ਜਾਂ ਉਸਦੇ ਪਰਿਵਾਰ ਨੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਉਸਨੇ ਕਿਹਾ ਕਿ ਉਸਨੇ ਇਹ ਰਕਮ ਬੜੀ ਮੁਸ਼ਕਲ ਨਾਲ ਇਕੱਠੀ ਕੀਤੀ ਸੀ ਪਰ ਵਿਦੇਸ਼ ਭੇਜਣ ਦੇ ਨਾਮ ’ਤੇ ਉਸ ਨਾਲ ਧੋਖਾ ਕੀਤਾ ਗਿਆ। ਉਸ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਦੋਸ਼ੀਆਂ ਟ੍ਰੈਵਲ ਏਜੰਟਾਂ ਤੋਂ ਉਨ੍ਹਾਂ ਦੇ ਬਕਾਇਆ ਪੈਸੇ ਵਿਆਜ ਸਣੇ ਵਾਪਿਸ ਕਰਵਾਏ ਜਾਣ। ਪੁਲਿਸ ਨੇ ਹੁਣ ਉਨਹਾਂ ਖਿਲਾਫ ਠੱਗੀ ਤੇ ਟ੍ਰੈਵਲ ਐਕਟ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਹੈ।