Trump fumes at media: ਵਾਸ਼ਿੰਗਟਨ: ਅਮਰੀਕਾ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਇਸ ਵਿਚਕਾਰ ਬੀਤੇ ਦਿਨੀਂ ਰਾਸ਼ਟਰਪਤੀ ਟਰੰਪ ਦੀ ਗੋਲਫ ਖੇਡਣ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਕਾਰਨ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਕਈ ਹੋਰਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ । ਇਸ ਤੋਂ ਬਾਅਦ ਟਰੰਪ ਨੇ ਮੀਡੀਆ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਨੂੰ ਪਤਾ ਸੀ ਕਿ ਹੀ ਹੋਵੇਗਾ । ਜਿਸ ਤੋਂ ਟਰੰਪ ਵੱਲੋਂ ਇੱਕ ਟਵੀਟ ਕੀਤਾ ਗਿਆ । ਇਸ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਬਾਹਰ ਨਿਕਲਣ ਲਈ ਜਾਂ ਥੋੜ੍ਹੀ ਕਸਰਤ ਕਰਨ ਲਈ ਮੈਂ ਹਰ ਹਫਤੇ ਗੋਲਫ ਖੇਡਦਾ ਹਾਂ । ਫਰਜੀ ਅਤੇ ਭ੍ਰਿਸ਼ਟਾਚਾਰੀ ਖਬਰ ਨੇ ਇਸ ਨੂੰ ਇੰਝ ਦਿਖਾਇਆ ਜਿਵੇਂ ਮੈਂ ਕੋਈ ਪਾਪ ਕੀਤਾ ਹੋਵੇ ।
ਟਰੰਪ ਨੇ ਅੱਗੇ ਲਿਖਿਆ,’ਮੈਂ ਜਾਣਦਾ ਸੀ ਕਿ ਇਹ ਵਾਪਰੇਗਾ, ਉਹ ਜਿਹੜੇ ਇਹ ਨਹੀਂ ਕਹਿੰਦੇ ਕਿ ਇਹ ਲਗਭਗ 3 ਮਹੀਨਿਆਂ ਵਿੱਚ ਮੇਰਾ ਪਹਿਲਾ ਗੋਲਫ ਸੀ ਅਤੇ ਜੇਕਰ ਮੈਂ 3 ਸਾਲ ਇੰਤਜ਼ਾਰ ਕਰਦਾ, ਤਾਂ ਉਹ ਵੀ ਅਜਿਹਾ ਕਰਦੇ । ਉਹ ਨਫ਼ਰਤ ਅਤੇ ਬੇਈਮਾਨੀ ਨਾਲ ਬਿਮਾਰ ਹਨ ।
ਦਰਅਸਲ, ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਨੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਕ ਲੱਖ ਲੋਕਾਂ ਦੀ ਮੌਤ ਵਿਚਕਾਰ ਟਰੰਪ ਦੇ ਵਰਜੀਨੀਆ ਵਿੱਚ ਗੋਲਫ ਖੇਡਣ ਨੂੰ ਲੈ ਕੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਸੀ, ਜਿਸ ਨੂੰ ਲੈ ਕੇ ਟਰੰਪ ਨੇ ਟਵੀਟ ਕੀਤਾ ਹੈ ।
ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੌਰਾਨ ਟਰੰਪ ਨੂੰ ਗੋਲਫ ਖੇਡਣ ਦੀਆਂ ਤਸਵੀਰਾਂ ਅਤੇ ਵੀਡਿਓ ਕਾਰਨ ਲੋਕਾਂ ਵੱਲੋਂ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ । ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਕੁੱਲ ਗਿਣਤੀ 1.7 ਮਿਲੀਅਨ ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 99,459 ਹੋ ਗਈ ਹੈ।