Tuition Teacher in Ludhiana : ਲੁਧਿਆਣਾ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਟਿਊਸ਼ਨ ਟੀਚਰ ਨੇ ਇੱਕ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਗੁਰੂ ਅਰਜੁਨ ਦੇਵ ਨਗਰ ਤੋਂ ਸਾਹਮਣੇ ਆਇਆ ਹੈ, ਜਦੋਂ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਥਾਣੇ ਨੂੰ ਘੇਰਨ ਪਹੁੰਚੇ ਤਾਂ ਉਨ੍ਹਾਂ ਨੂੰ ਧੱਕੇ ਦੇ ਕੇ ਕੱਢਿਆ ਗਿਆ। ਮਾਮਲਾ ਵਧਦਾ ਦੇਖ ਪੁਲਿਸ ਨੇ ਤੁਰੰਤ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ। ਦੇਰ ਰਾਤ ਤੱਕ ਲੋਕ ਥਾਣੇ ਦੇ ਬਾਹਰ ਜੁਟੇ ਰਹੇ।
ਮਿਲੀ ਜਾਣਕਾਰੀ ਮੁਤਾਬਕ ਛੇਵੀਂ ਦੀ 14 ਸਾਲਾ ਵਿਦਿਆਰਥਣ ਇਲਾਕੇ ਵਿੱਚ ਹੀ ਰਹਿਣ ਵਾਲ ਦੋਸ਼ੀ ਸੰਨੀ ਕੋਲ ਟਿਊਸ਼ਨ ਪੜ੍ਹਦੀ ਹੈ। ਸੋਮਵਾਰ ਨੂੰ ਸੰਨੀ ਨੇ ਉਸਨੂੰ ਬੁਲਾਇਆ ਅਤੇ ਕਿਹਾ ਕਿ ਉਸ ਨੂੰ ਇੱਕ ਕਿਤਾਬ ਚਾਹੀਦੀ ਹੈ, ਉਹ ਲੈ ਕੇ ਉਸ ਦੇ ਘਰ ਆ ਜਾਵੇ। ਜਦੋਂ ਉਹ ਉਸ ਦੇ ਘਰ ਗਈ ਤਾਂ ਉਹ ਵਰਗਲਾ ਕੇ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ। ਜਿਥੇ ਉਸ ਦਾ ਪਰਿਵਾਰ ਨਹੀਂ ਸੀ। ਮੁਲਜ਼ਮ ਨੇ ਸਾਰੀ ਰਾਤ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੂਜੇ ਪਾਸੇ, ਪਰਿਵਾਰ ਵਾਲੇ ਆਪਣੀ ਲੜਕੀ ਦੀ ਭਾਲ ਕਰਦੇ ਰਹੇ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਦੋਸ਼ੀ ਸੰਨੀ ਲੜਕੀ ਨੂੰ ਘਰ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਨੇ ਢਿੱਲਾ ਰਵੱਈਆ ਵਰਤਿਆ।
ਜਦੋਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਥਾਣੇ ਦਾ ਘਿਰਾਓ ਕੀਤਾ ਅਤੇ ਲੋਕ ਕਾਰਵਾਈ ਦੀ ਮੰਗ ਕੀਤੀ ਤਾਂ ਪੁਲਿਸ ਨੇ ਲੋਕਾਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ। ਫਿਰ ਲੋਕਾਂ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਧਰਨੇ ਤੋਂ ਉਠਵਾਇਆ। ਹਾਲਾਂਕਿ ਐਸਐਚਓ ਅਮਨਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਜਦੋਂ ਪੀੜਤ ਪਰਿਵਾਰ ਨੇ ਸ਼ਿਕਾਇਤ ਦਿੱਤੀ ਤਾਂ ਅਸੀਂ ਕਾਰਵਾਈ ਕੀਤੀ ਅਤੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ। ਪੁਲਿਸ ਨੇ ਕਿਸੇ ਨੂੰ ਧੱਕਾ ਨਹੀਂ ਕੀਤਾ।