TV actress and her husband : ਜਲੰਧਰ ਵਿੱਚ ਦਰਜ ਹੋਏ 3.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਟੈਲੀਵਿਜ਼ਨ ਅਦਾਕਾਰਾ ਅਤੇ ਉਸਦੇ ਪਤੀ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਜੋੜੇ ਦੀ ਪਛਾਣ ਜੋੜਾ- 28 ਸਾਲਾ ਸਪਨਾ ਰਲਹਨ ਅਤੇ ਉਸਦੇ 26 ਸਾਲਾ ਪਤੀ ਪੁਨੀਤ ਕੁਮਾਰ ਰਲਹਨ ਵਜੋਂ ਹੋਈ ਹੈ। ਇਨ੍ਹਾਂ ਦੋਹਾਂ ਪਤੀ-ਪਤਨੀ ਨੇ ਇਕ ਵਿਅਕਤੀ ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਕਰਵਾਉਣ ਦਾ ਝਾਂਸਾ ਦੇ ਕੇ 3.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਜੋੜੇ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਉਹ ਉਸਨੂੰ ਜਲੰਧਰ ਵਿੱਚ ਤਾਇਨਾਤ ਕਰਵਾਉਣਗੇ।
ਪੰਜਾਬ ਪੁਲਿਸ ਦੀ ਐਂਟੀ-ਫਰਾਡ ਯੂਨਿਟ ਵੱਲੋਂ ਮੁੰਬਈ ਪੁਲਿਸ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਓਸ਼ੀਵਾੜਾ ਇਲਾਕੇ ਵਿੱਚ ਜੋੜੇ ਦੇ ਅਪਾਰਟਮੈਂਟ ਉੱਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁੰਬਈ ਦੇ ਇੰਸਪੈਕਟਰ ਵਿਨੈ ਘੋਰਪੜੇ ਨੇ ਦੱਸਿਆ ਕਿ ਪੰਜਾਬ ਪੁਲਿਸ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਨ੍ਹਾਂ ਨੂੰ ਜਲੰਧਰ ਲੈ ਗਈ। ਸਪਨਾ, ਜਿਸਨੇ ਕੁਝ ਟੀ.ਵੀ. ਸ਼ੋਅਜ਼ ਵਿੱਚ ਅਭਿਨੈ ਕੀਤਾ ਹੈ, ਅਤੇ ਉਸਦੇ ਪਤੀ ਉੱਤੇ ਜਲੰਧਰ ਪੁਲਿਸ ਨੇ ਧੋਖਾਧੜੀ, ਭਰੋਸੇ ਦੀ ਉਲੰਘਣਾ ਅਤੇ ਅਪਰਾਧਿਕ ਸਾਜਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੋੜੇ ਨੇ ਕੇਂਦਰੀ ਰੱਖਿਆ ਮੰਤਰਾਲੇ ਅਤੇ ਨੈਸ਼ਨਲ ਪੁਲਿਸ ਅਕੈਡਮੀ ਦੇ ਪੀੜਤ ਵਿਅਕਤੀ ਨੂੰ ਜਾਅਲੀ ਨਿਯੁਕਤੀ ਪੱਤਰ ਵੀ ਦਿੱਤੇ ਸਨ। ਜਲੰਧਰ ਦੇ ਇੱਕ ਮੈਜਿਸਟ੍ਰੇਟ ਨੇ ਪਤੀ-ਪਤਨੀ ਜੋੜੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਪਰ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਦਰਜ ਕਰਨ ਵਿੱਚ ਅਸਫਲ ਰਹੀ ਸੀ। ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਜੋੜਾ ਪੰਜਾਬ ਵਿੱਚੋਂ ਫ਼ਰਾਰ ਹੋ ਕੇ ਮੁੰਬਈ ਵਿਖ਼ੇ ਰਹਿ ਰਿਹਾ ਹੈ। ਸ਼ਿਕਾਇਤ ਕਰਤਾ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਗਿਆ ਸੀ ਜਿਸ ਮਗਰੋਂ ਇਸ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਜਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੇ ਆਧਾਰ ’ਤੇ ਇਹ ਗ੍ਰਿਫਤਾਰੀ ਹੋ ਸਕੀ ਹੈ।