Two murders in Nabha : ਕੋਰੋਨਾ ਵਾਇਰਸ ਕਰਕੇ ਦੇਸ਼ਭਰ ਵਿੱਚ ਕਰਫਿਊ/ ਲੌਕਡਾਊਨ ਲੱਗਾ ਹੋਇਆ ਹੈ। ਇਸ ਦੌਰਾਨ ਹਲਕਾ ਨਾਭਾ ਵਿੱਖੇ ਇੱਕ ਹੀ ਦਿਨ ਵਿੱਚ ਦੋ ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਿਥੇ ਇਕ ਜਿਗਰੀ ਦੋਸਤ ਨੇ ਆਪਣੇ ਦੋਸਤ ਦੀ ਜਾਣ ਲੈ ਲਈ ਅਤੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤਰ੍ਹਾਂ ਇਕ ਦਿਨ ਵਿਚ ਦੋ ਕਤਲ ਦੇ ਦੋ ਮਾਮਲੇ ਸਾਹਮਣੇ ਆਉਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦੋਹਾਂ ਹੀ ਮਾਮਲਿਆਂ ਵਿਚ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਦੋਹਾਂ ਹੀ ਕਤਲਾਂ ਦੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿਚ ਨਾਭਾ ਦੇ ਪਿੰਡ ਸਾਧੋਹੇੜੀ ਵਿੱਖੇ ਰਹਿੰਦੇ ਦੋ ਜਿਗਰੀ ਦੋਸਤ ਜਫਰਦੀਨ ਉਰਫ ਮੰਨਾ ਖ਼ਾਨ ਤੇ ਹਰਜਿੰਦਰ ਸਿੰਘ ਉਰਫ ਕਾਕਾ ਸਿੰਘ ਵਿੱਚ ਮਾਮੂਲੀ ਜਿਹੀ ਗੱਲ ਤੋਂ ਝਗੜਾ ਹੋਇਆ, ਜੋਕਿ ਇੰਨਾ ਵੱਧ ਗਿਆ ਕਿ ਹਰਜਿੰਦਰ ਸਿੰਘ ਨੇ ਪਿਸਤੌਲ ਨਾਲ ਜਫਰਦੀਨ ਦੀ ਛਾਤੀ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਅਤੇ ਕਤਲ ਤੋਂ ਬਾਅਦ ਉਹ ਖੁਦ ਫਰਾਰ ਹੋ ਗਿਆ। ਫਿਲਹਾਲ ਝਗੜੇ ਦੇ ਪਿੱਛੇ ਅਸਲੀ ਕਾਰਨਾਂ ਦਾ ਪਤਾ ਨਹੀਂ ਲਗਾ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੂਸਰੇ ਮਾਮਲੇ ਵਿਚ ਇਲਾਕੇ ਦੇ ਪਿੰਡ ਛੀਂਟਾਵਾਲਾ ਵਿੱਖੇ ਪਰਿਵਾਰਿਕ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਨੇ ਤੇਜ਼ਦਾਰ ਹਥਿਆਰ ਨਾਲ ਆਪਣੀ ਪਤਨੀ ਦੇ ਸਿਰ ’ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਦੇ ਬਲੂ ਰਾਮ ਨਾਂਅ ਦੇ ਵਿਅਕਤੀ ਦਾ ਉਸਦੀ ਪਤਨੀ ਰਾਣੀ ਕੌਰ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ ਤਾਂ ਗੁੱਸੇ ਵਿੱਚ ਆ ਕੇ ਉਸਨੇ ਤੇਜਧਾਰ ਹਥਿਆਰ ਨਾਲ ਆਪਣੀ ਪਤਨੀ ਦੇ ਸਿਰ ’ਤੇ ਵਾਰ ਕਰ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ ਇਸ ਤੋਂਬਾਅਦ ਉਹ ਖੁਦ ਫਰਾਰ ਹੋ ਗਿਆ। ਇਸ ਸਬੰਧੀ ਮ੍ਰਿਤਕਾ ਦੇ ਬੇਟੇ ਜਗਤਾਰ ਸਿੰਘ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਦਰ ਪੁਲਿਸ ਵਲੋਂ ਰਾਣੀ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਰਾਣੀ ਦੇ ਪੁੱਤਰ ਜਗਤਾਰ ਸਿੰਘ ਮੁਤਾਬਿਕ ਉਹ ਅਨਾਜ ਮੰਡੀ ਵਿਖੇ ਦਿਹਾੜੀ ਕਰ ਰਿਹਾ ਸੀ ਤੇ ਉਸਦੇ ਰਿਸ਼ਤੇਦਾਰ ਰਾਹੀਂ ਉਸਦੀ ਮਾਤਾ ਦੇ ਕਤਲ ਦੀ ਸੂਚਨਾ ਮਿਲੀ। ਫਿਲਹਾਲ ਦੋਵੇਂ ਹੀ ਮਾਮਲਿਆਂ ਵਿਚ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਧਾਰਾ 302 ਅਧੀਨ ਦੋਹਵੇਂ ਮਾਮਲੇ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।