ਬੇਰੋਜ਼ਗਾਰ ਅਧਿਆਪਕ ਅੱਜ ਐਤਵਾਰ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਦੇ ਬਾਹਰ ਧਰਨਾ ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਪਹੁੰਚੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ, ਜਿਸ ਦੌਰਾਨ ਕਈ ਟੀਚਰਾਂ ਦੇ ਕੱਪੜੇ ਵੀ ਫਟ ਗਏ। ਅਧਿਆਪਕਾਂ ਨੇ ਦੋਸ਼ ਲਾਏ ਕਿ ਇਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਰੋਲੀਆਂ ਗਈਆਂ।
ਬੇਰੋਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੋਸਟਾਂ ਵਧਾਉਣ ਵਾਸਤੇ ਸਾਰੇ ਵਿਧਾਇਕਾਂ ਨੂੰ ਪਹਿਲਾਂ ਮੰਗ ਪੱਤਰ ਦਿੱਤੇ ਗਏ ਸਨ। ਜਦੋਂ ਸਾਨੂੰ ਮੀਟਿੰਗ ਲਈ ਕੋਈ ਸਮਾਂ ਨਹੀਂ ਦਿੱਤਾ ਗਿਆ ਤਾਂ ਅਖੀਰ ਅੱਜ ਅਸੀਂ ਸਿੱਖਿਆ ਮੰਤਰੀ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਬਰਨਾਲਾ ਪਹੁੰਚੇ।
ਉਨ੍ਹਾਂ ਕਿਹਾ ਕਿ ਸਾਡੇ ਕਈ ਸਾਥੀਆਂ ਦੀ ਉਮਰ ਹੱਦ ਵੀ ਟੱਪਣ ਵਾਲੀ ਹੈ, ਜਿਸ ਕਰਕੇ ਅਸੀਂ ਪ੍ਰਦਰਸ਼ਨ ਲਈ ਮਜਬੂਰ ਹੋਏ। ਇਥੇ ਪੁਲਿਸ ਨੇ ਸਾਨੂੰ ਰੋਕਿਆ ਤੇ ਸਾਡੀਆਂ ਪੱਗਾਂ ਰੋਲੀਆਂ, ਸਾਨੂੰ ਬੈਰੀਕੇਡ ਲਾ ਕੇ ਕਈ ਜਗ੍ਹਾ ਰੋਕਿਆ ਗਿਆ। ਸਾਡੇ ‘ਤੇ ਲਾਠੀਚਾਰਜ ਕੀਤਾ ਗਿਆ।
ਲਖਵਿੰਦਰ ਸਿੰਘ ਢਿੱਲਵਾਂ ਸੂਬਾ ਪ੍ਰਧਾਨ ਬੇਰੁਜਗਾਰ ਅਧਿਆਪਕ ਯੂਨੀਅਨ ਨੇ ਕਿਹਾ ਕਿ ਡੇਢ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਐਲਾਨ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਿਛਲੀ ਸਰਕਾਰ ਨੂੰ ਐਲਾਨਜੀਤ ਕਹਿੰਦੇ ਸੀ ਪਰ ਇਹ ਤਾਂ ਉਸ ਤੋਂ ਵੀ ਵੱਧ ਹੈ। ਸਾਡੇ ਅਧਿਆਪਕਾਂ ਨਾਲ ਵਿਤਕਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਮੀਤ ਹੇਅਰ ਨੇ ਵਾਅਦਾ ਕੀਤਾ ਸੀ ‘ਆਪ’ ਦੀ ਸਰਕਾਰ ਆਉਣ ਮਗਰੋਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰ ਹੁਣ ਸਿੱਖਿਆ ਮੰਤਰੀ ਬਣਨ ਮਗਰੋਂ ਕੁਝ ਵੀ ਨਹੀਂ ਕੀਤਾ। ਸਾਨੂੰ ਪ੍ਰਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਇੱਕ ਵਾਰ ਵੀ ਸਿੱਖਿਆ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਅੱਜ ਅਸੀਂ ਇਥੇ ਆਪਣਾ ਦੁਖੜਾ ਰੌਣ ਆਏ ਹਾਂ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਚਲਦੀ ਭਰਤੀ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇ। 4161 ਮਾਸਟਰ ਕੇਡਰ ਭਰਤੀ ਵਿੱਚ ਵਾਧਾ ਕਰਕੇ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਜੇ ਸਾਨੂੰ ਮੰਤਰੀ ਵੱਲੋਂ ਕਿਸੇ ਮੀਟਿੰਗ ਕਰਨ ਦਾ ਲਿਖਤੀ ਭਰੋਸਾ ਮਿਲਦਾ ਹੈ ਤਾਂ ਅਸੀਂ ਆਪਣੀ ਕਮੇਟੀ ਨਾਲ ਬੈਠਕ ਮਗਰੋਂ ਕੋਈ ਫੈਸਲਾ ਕਰਾਂਗੇ ਉਦੋਂ ਤੱਕ ਅਸੀਂ ਇਥੇ ਹੀ ਧਰਨੇ ‘ਤੇ ਬੈਠੇ ਰਹਾਂਗੇ।
ਵੀਡੀਓ ਲਈ ਕਲਿੱਕ ਕਰੋ -: