ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਅਨੋਖਾ ਵਿਆਹ ਵੇਖਣ ਨੂੰ ਮਿਲਿਆ। ਬਾਰਾਤ ਇਥੇ ਦੇ ਇੱਕ ਸ਼ਮਸ਼ਾਨਘਾਟ ਵਿੱਚ ਆਈ ਸੀ। ਸ਼ਮਸ਼ਾਨਘਾਟ ਵਿੱਚ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਕੁੜੀ ਪੂਜਾ ਦੀ ਡੋਲੀ ਵੀ ਉਥੋਂ ਹੀ ਵਿਦਾ ਕਰ ਦਿੱਤੀ ਗਈ। ਇਹ ਪਹਿਲੀ ਘਟਨਾ ਹੈ ਕਿ ਕਿਸੇ ਸ਼ਮਸ਼ਾਨਘਾਟ ਤੋਂ ਡੋਲੀ ਉੱਠੀ ਹੋਵੇ। ਮੋਹਕਮਪੁਰਾ ਦੇ ਬਿੱਲਾ ਵਾਲਾ ਚੌਕ ਸਥਿਤ ਸ਼ਮਸ਼ਾਨਘਾਟ ਵਿਖੇ ਨਵ-ਵਿਆਹੇ ਜੋੜੇ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
ਕੁੜੀ ਦਾ ਪਰਿਵਾਰ ਗਰੀਬ ਹੈ ਅਤੇ ਸ਼ਮਸ਼ਾਨਘਾਟ ਵਿੱਚ ਹੀ ਰਹਿੰਦਾ ਹੈ। ਕੁੜੀ ਪੂਜਾ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਸੀ। ਦਾਦਾ ਜੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਸ਼ਮਸ਼ਾਨਘਾਟ ਵਿੱਚ ਬਣੇ ਛੋਟੇ ਪੁਰਾਣੇ ਘਰ ਦੇ ਕਮਰੇ ਵਿੱਚ ਹੁਣ ਸਿਰਫ਼ ਦਾਦੀ-ਪੋਤੀ ਰਹਿ ਰਹੇ ਹਨ। ਦਾਦੀ ਪ੍ਰਕਾਸ਼ ਕੌਰ ਨੂੰ ਪੂਜਾ ਦੇ ਵਿਆਹ ਦੀ ਚਿੰਤਾ ਸੀ। ਪਰਿਵਾਰ ਗਰੀਬ ਹੋਣ ਕਾਰਨ ਧੀ ਦੇ ਵਿਆਹ ਲਈ ਪੈਲੇਸ ਬੁੱਕ ਨਹੀਂ ਕਰਵਾ ਸਕਿਆ। ਇਲਾਕਾ ਵਾਸੀਆਂ ਨੇ ਹੀ ਬਾਰਾਤ ਦਾ ਭੋਜਨ, ਸ਼ਗਨ, ਪਰਿਵਾਰ ਲਈ ਲੋੜੀਂਦਾ ਸਮਾਨ ਆਦਿ ਦੇ ਕੇ ਧੀ ਦਾ ਵਿਆਹ ਕੀਤਾ ਅਤੇ ਇੱਥੋਂ ਡੋਲੀ ਨੂੰ ਪੂਰੇ ਸਤਿਕਾਰ ਨਾਲ ਵਿਦਾ ਕੀਤਾ ਗਿਆ।
ਇਲਾਕਾ ਨਿਵਾਸੀ ਅਸ਼ੋਕ ਕੁਮਾਰ, ਮਨਦੀਪ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਵਿਆਹ ਜੌੜਾ ਫਾਟਕ ਤੋਂ ਬਿੱਲਾ ਵਾਲਾ ਚੌਕ ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਹੋਇਆ ਹੈ। ਇੱਥੇ ਹੀ ਦਾਦੀ ਅਤੇ ਉਸ ਦੀ ਪੋਤੀ ਲੰਬੇ ਸਮੇਂ ਤੋਂ ਰਹਿ ਰਹੇ ਸਨ। ਦਾਦੀ ਦੀ ਉਮਰ ਵੀ ਬਹੁਤ ਜ਼ਿਆਦਾ ਹੈ। ਇਲਾਕਾ ਵਾਸੀਆਂ ਨੇ ਧੀ ਲਈ ਮੁੰਡਾ ਲੱਭ ਕੇ ਉਸ ਦਾ ਵਿਆਹ ਕਰਵਾ ਦਿੱਤਾ।
ਮੁੰਡੇ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਦੇ ਸ਼ਮਸ਼ਾਨਘਾਟ ‘ਚ ਰਹਿਣ ਵਾਲੇ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਨ ‘ਤੇ ਕੋਈ ਇਤਰਾਜ਼ ਨਹੀਂ ਕੀਤਾ, ਜਿਸ ਕਾਰਨ ਲੋਕਾਂ ਦੇ ਸਹਿਯੋਗ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਸ਼ਮਸ਼ਾਨਘਾਟ ਤੋਂ ਡੋਲੀ ਨੂੰ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ‘ਤਰਸ ਦੇ ਆਧਾਰ ‘ਤੇ ਵਿਆਹੀ ਧੀ ਵੀ ਨੌਕਰੀ ਲਈ ਯੋਗ’, ਹਾਈਕੋਰਟ ਦਾ ਅਹਿਮ ਫ਼ੈਸਲਾ
ਉਥੇ ਮਠਿਆਈਆਂ ਲਗਾ ਕੇ ਬਾਰਾਤ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਲਾਕਾ ਵਾਸੀਆਂ ਨੇ ਕਿਹਾ ਕਿ ਸ਼ਮਸ਼ਾਨਘਾਟ ਤੋਂ ਪਵਿੱਤਰ ਕੋਈ ਥਾਂ ਨਹੀਂ ਹੈ। ਹਰ ਕਿਸੇ ਨੇ ਇੱਕ ਨਾ ਇੱਕ ਦਿਨ ਇੱਥੇ ਆਉਣਾ ਹੀ ਹੈ।
ਵੀਡੀਓ ਲਈ ਕਲਿੱਕ ਕਰੋ -: