US donate ventilators: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਅਮਰੀਕਾ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜ੍ਹਾ ਹੈ । ਇਸਦੇ ਨਾਲ ਹੀ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ । ਇਸ ਸਬੰਧੀ ਟਰੰਪ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਮੈਨੂੰ ਮਾਣ ਹੈ ਕਿ ਅਮਰੀਕਾ ਭਾਰਤ ਵਿੱਚ ਆਪਣੇ ਦੋਸਤਾਂ ਨੂੰ ਵੈਂਟੀਲੇਟਰਾਂ ਦਾਨ ਕਰੇਗਾ । ਅਸੀਂ ਇਸ ਮਹਾਂਮਾਰੀ ਵਿੱਚ ਹਰ ਸਮੇਂ ਭਾਰਤ ਦੇ ਨਾਲ ਖੜੇ ਹਾਂ । ਅਸੀਂ ਟੀਕਾ ਬਣਾਉਣ ਵਿੱਚ ਵੀ ਇੱਕ ਦੂਜੇ ਦੀ ਮਦਦ ਕਰ ਰਹੇ ਹਾਂ । ਟਰੰਪ ਨੇ ਕਿਹਾ ਕਿ ਅਸੀਂ ਮਿਲ ਕੇ ਕੋਰੋਨਾ ਵਰਗੇ ਦੁਸ਼ਮਣ ਨੂੰ ਹਰਾਵਾਂਗੇ।
ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਮੇਰੇ ਬਹੁਤ ਚੰਗੇ ਦੋਸਤ ਹਨ । ਮੈਂ ਕੁਝ ਦਿਨ ਪਹਿਲਾਂ ਭਾਰਤ ਤੋਂ ਵਾਪਸ ਆਇਆ ਹਾਂ ਅਤੇ ਅਸੀਂ ਇਕੱਠੇ ਰਹੇ । ਰਾਸ਼ਟਰਪਤੀ ਟਰੰਪ ਨੇ ਆਪਣੇ ਬਿਆਨ ਵਿੱਚ ਨਵੀਂ ਦਿੱਲੀ, ਅਹਿਮਦਾਬਾਦ ਅਤੇ ਆਗਰਾ ਦੇ ਦੌਰੇ ਦਾ ਜ਼ਿਕਰ ਕੀਤਾ । ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਵੱਲੋਂ ਇਹ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਭਾਰਤ ਨਾਲ ਅਮਰੀਕੀ ਸਬੰਧਾਂ ਬਾਰੇ ਬਹੁਤ ਖੁਸ਼ ਹਨ । ਭਾਰਤ ਅਮਰੀਕਾ ਦਾ ਵੱਡਾ ਭਾਈਵਾਲ ਬਣ ਗਿਆ ਹੈ । ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਭਾਰਤ ਨੂੰ 200 ਵੈਂਟੀਲੇਟਰ ਦੇ ਸਕਦਾ ਹੈ । ਟਰੰਪ ਨੇ ਇਹ ਵੀ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇੱਕ ਟੀਕਾ ਬਣਾ ਰਹੇ ਹਨ ਜਿਸ ਨੂੰ ਲੋਕਾਂ ਨੂੰ ਮੁਫਤ ਦਿੱਤਾ ਜਾ ਸਕਦਾ ਹੈ ।
ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਵਿਡ-19 ਟੀਕਾ ਇਸ ਸਾਲ ਦੇ ਅੰਤ ਤੱਕ ਵਿਕਸਤ ਹੋਣ ਦੀ ਉਮੀਦ ਹੈ । ਉਨ੍ਹਾਂ ਕਿਹਾ ਕਿ ਮੈਂ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਵਾਪਸ ਆਇਆ ਹਾਂ ਤੇ ਅਸੀਂ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ । ਅਮਰੀਕਾ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ ਹੈ ਅਤੇ ਤੁਸੀਂ ਜਿਸ ਬਾਰੇ ਗੱਲ ਕਰ ਰਹੇ ਹੋ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਟੀਕਾ ਬਣਾਉਣ ਵਿੱਚ ਲੱਗੇ ਹੋਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਨਾਲ ਦੋਸਤੀ ਨਿਭਾਉਂਦੇ ਹੋਏ ਹਾਈਡ੍ਰੋਕਸੀਕਲੋਰੋਕਿਨ ਦਵਾਈ ਦੀ ਸਪਲਾਈ ਵੀ ਭੇਜੀ ਸੀ । ਜਿਸਦੇ ਲਈ ਟਰੰਪ ਨੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ । ਟਰੰਪ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸਰਕਾਰ ਨੇ ਦਵਾਈ ਦੀ ਵੱਡੀ ਖੇਪ ਅਮਰੀਕਾ ਭੇਜ ਦਿੱਤੀ ਸੀ । ਦਰਅਸਲ, ਅਮਰੀਕਾ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਇਹ ਦਵਾਈ ਮੰਗੀ ਸੀ । ਭਾਰਤ ਵਿੱਚ ਇਹ ਦਵਾਈ ਵੱਡੇ ਪੱਧਰ ‘ਤੇ ਤਿਆਰ ਕੀਤੀ ਜਾਂਦੀ ਹੈ, ਇਸ ਲਈ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਦੀ ਮੰਗ ਤੁਰੰਤ ਪੂਰੀ ਕੀਤੀ ਗਈ । ਜਿਸ ਤੋਂ ਬਾਅਦ ਟਰੰਪ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ।