US states sue Trump administration: ਵਾਸ਼ਿੰਗਟਨ: ਕੈਲੀਫੋਰਨੀਆ ਦੀ ਅਗਵਾਈ ਵਿੱਚ ਡਿਸਟ੍ਰਿਕਟ ਆਫ਼ ਕੋਲੰਬੀਆ ਅਤੇ ਚਾਰ ਵੱਡੇ ਸ਼ਹਿਰਾਂ ਸਣੇ ਅਮਰੀਕਾ ਦੇ 23 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ । ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਵਲੋਂ ਈਂਧਣ ਕੁਸ਼ਲਤਾ ਦੇ ਮਾਪਦੰਡਾਂ ਨੂੰ ਕਮਜ਼ੋਰ ਕਰਨ ਦੇ ਫੈਸਲੇ ਖਿਲਾਫ਼ ਇਹ ਕਦਮ ਚੁੱਕਿਆ ਗਿਆ ਹੈ । ਟਰੰਪ ਪ੍ਰਸ਼ਾਸਨ ਨੇ ਬਰਾਕ ਓਬਾਮਾ ਦੇ ਸਮੇਂ ਵਿੱਚ ਤੈਅ ਮਾਪਦੰਡਾਂ ਨੂੰ ਬਦਲ ਦਿੱਤਾ ਹੈ ।
ਮਾਰਚ ਵਿੱਚ ਟਰੰਪ ਪ੍ਰਸ਼ਾਸਨ ਨੇ ਆਖਰੀ ਨਿਯਮ ਜਾਰੀ ਕੀਤੇ ਸਨ, ਜਿਨ੍ਹਾਂ ਅਨੁਸਾਰ 2026 ਤੱਕ ਸਾਲਾਨਾ 1.5 ਫੀਸਦੀ ਈਂਧਣ ਕੁਸ਼ਲਤਾ ਵਧਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ । ਇਹ ਓਬਾਮਾ ਦੇ ਕਾਰਜਕਾਲ ਵਿੱਚ ਤੈਅ 5 ਫੀਸਦੀ ਸਲਾਨਾ ਤੋਂ ਬਹੁਤ ਘੱਟ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ 2018 ਦੇ ਉਸ ਫੈਸਲੇ ਨੂੰ ਜ਼ਰੂਰ ਬਦਲ ਦਿੱਤਾ ਹੈ, ਜਿਸ ਵਿੱਚ 2026 ਤੱਕ ਈਂਧਣ ਕੁਸ਼ਲਤਾ ਦੀ ਜ਼ਰੂਰਤ ਨੂੰ 2020 ਦੇ ਪੱਧਰ ‘ਤੇ ਹੀ ਰੋਕਣ ਦੀ ਗੱਲ ਕਹੀ ਗਈ ਸੀ ।
ਦੱਸ ਦਈਏ ਕਿ ਪ੍ਰਤੀ ਗੈਲਨ ਈਂਧਣ ਵਿੱਚ ਕੋਈ ਗੱਡੀ ਔਸਤਨ ਕਿੰਨੀ ਦੂਰੀ ਤੈਅ ਕਰ ਸਕਦੀ ਹੈ, ਇਸ ਨਾਲ ਉਸ ਦੀ ਈਂਧਣ ਕੁਸ਼ਲਤਾ ਤੈਅ ਹੁੰਦੀ ਹੈ । ਜ਼ਿਆਦਾ ਈਂਧਣ ਕੁਸ਼ਲਤਾ ਵਾਲਾ ਵਾਹਨ ਘੱਟ ਈਂਧਣ ਵਿਚ ਜ਼ਿਆਦਾ ਦੂਰੀ ਤੈਅ ਕਰੇਗਾ । ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਕੇਰਾ ਨੇ ਕਿਹਾ ਕਿ ਈਂਧਣ ਕੁਸ਼ਲਤਾ ਦੇ ਮਾਪਦੰਡ ਕਮਜ਼ੋਰ ਕਰਨ ਨਾਲ ਲੋਕਾਂ ਦਾ ਖਰਚਾ ਵਧੇਗਾ ਅਤੇ ਪ੍ਰਦੂਸ਼ਣ ਵੀ ਜ਼ਿਆਦਾ ਫੈਲੇਗਾ । ਇਸ ਨਾਲ ਵੀ ਲੋਕਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਵੇਗਾ ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਸੰਕਟ ਦੌਰ ਵਿੱਚ ਵਿਰੋਧੀ ਨੇਤਾਵਾਂ ਦੇ ਨਿਸ਼ਾਨੇ ‘ਤੇ ਰਹੇ ਹਨ । ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕਰੇਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ, ਜੋ ਬਿਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ “ਮੂਰਖ” ਕਰਾਰ ਦਿੱਤਾ ਅਤੇ ਕਿਹਾ ਹੈ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਜਨਤਕ ਤੌਰ ‘ਤੇ ਮਾਸਕ ਪਾਉਣਾ ਕੁਸ਼ਲ ਅਗਵਾਈ ਦੀ ਨਿਸ਼ਾਨੀ ਹੈ।