ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹੁਣ ਵਿਜੀਲੈਂਸ ਗੋਆ ਵਿਚ ਕਿਨਾਰੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਨੂੰ ਸਸਤੇ ਰੇਟ ‘ਤੇ ਲੀਜ਼ ‘ਤੇ ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜ਼ਮੀਨ ਇੱਕ ਫਾਈਵ ਸਟਾਰ ਦੀ ਚੇਨ ਨੂੰ ਦਿੱਤੀ ਗਈ ਹੈ। ਹਾਲਾਂਕਿ ਅਜੇ ਵਿਜੀਲੈਂਸ ਨੇ ਇਸ ‘ਤੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਹੈ।
ਸੂਤਰਾਂ ਦੇ ਮੁਤਾਬਕ ਵਿਜੀਲੈਂਸ ਇਸ ਮਾਮਲੇ ਵਿੱਚ ਇੱਕ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਕ CM ਮਾਨ ਵੱਲੋਂ ਸਬੰਧਤ ਵਿਭਾਗ ਨੂੰ ਜ਼ਮੀਨ ਸਬੰਧੀ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਅਤੇ ਜਾਂਚ ਟੀਮ ਨੂੰ ਤੇਜ਼ੀ ਨਾਲ ਜਾਂਚ ਕਰਨ ਦੇ ਬੋਲ ਕੇ ਹੁਕਮ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਗੋਆ ਵਿੱਚ ਮੌਜੂਦ ਅੱਠ ਏਕੜ ਜ਼ਮੀਨ ਦਾ ਸਿਰਫ ਖੇਤੀ ਜਾਂ ਬਾਗ ਲਗਾਉਣ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਦੋਸ਼ ਹਨ ਕਿ ਕਾਂਗਰਸ ਸਰਕਾਰ ਵਿੱਚ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਇਸ ਅੱਠ ਏਕੜ ਜ਼ਮੀਨ ਨੂੰ ਫਾਈਵ ਸਟਾਰ ਹੋਟਲ ਚੇਨ ਨੂੰ ਅਲਾਟ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਇਸ ਜ਼ਮੀਨ ਨੂੰ ਗੋਆ ਦੀ ਨਵੀਂ ਟੂਰਿਜ਼ਮ ਪਾਲਿਸੀ ਤਹਿਤ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਲਾਟ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਾਰਥ ਕੋਰੀਆ ‘ਚ ਖੁਦਕੁਸ਼ੀ ‘ਤੇ ਬੈਨ, ਤਾਨਾਸ਼ਾਹ ਕਿਮ ਨੇ ਕਿਹਾ- ‘ਇਹ ਦੇਸ਼ਧ੍ਰੋਹ ਏ’
ਸੂਤਰਾਂ ਮੁਤਾਬਕ ਚੰਨੀ ਨੂੰ ਇਸ ਜ਼ਮੀਨ ਬਾਰੇ ਪਹਿਲਾਂ ਹੀ ਪਤਾ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਚੰਨੀ ਸੱਭਿਆਚਾਰਕ ਵਿਭਾਗ ਦੇ ਮੰਤਰੀ ਸਨ। ਉਸ ਦੌਰਾਨ ਉਨ੍ਹਾਂ ਨੂੰ ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਾਰੇ ਜਾਣਕਾਰੀ ਸੀ ਕਿਉਂਕਿ ਉਸ ਦੌਰਾਨ ਕਈ ਹੋਟਲ ਕੰਪਨੀਆਂ ਪੰਜਾਬ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੈਪਟਨ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਤੋਂ ਬਾਅਦ ਚੰਨੀ ਬਣੇ ਸੀ.ਐਮ. ਵਿਭਾਗ ਵੀ ਉਨ੍ਹਾਂ ਕੋਲ ਸੀ, ਇਸ ਲਈ ਉਨ੍ਹਾਂ ਨੇ ਜ਼ਮੀਨ ਲੀਜ਼ ’ਤੇ ਦੇਣ ਦੀ ਮਨਜ਼ੂਰੀ ਦੇ ਦਿੱਤੀ।
ਫਿਲਹਾਲ ਵਿਜੀਲੈਂਸ ਟੀਮ ਸਬੰਧਤ ਵਿਭਾਗ ਤੋਂ ਰਿਕਾਰਡ ਦੀ ਉਡੀਕ ਕਰ ਰਹੀ ਹੈ। ਇਸ ਤੋਂ ਪਤਾ ਲੱਗੇਗਾ ਕਿ ਇਹ ਜ਼ਮੀਨ ਕਿਸ ਵਰਤੋਂ ਅਤੇ ਕਿਸ ਮਾਪਦੰਡ ਮੁਤਾਬਕ ਫਾਈਵ ਸਟਾਰ ਹੋਟਲ ਚੇਨ ਨੂੰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੋਆ ਦਾ ਜ਼ਮੀਨੀ ਰਿਕਾਰਡ ਵਿਜੀਲੈਂਸ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਪਤਾ ਲੱਗੇਗਾ ਕਿ ਪੰਜਾਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਸਸਤੇ ਰੇਟ ‘ਤੇ ਹੋਟਲ ਕੰਪਨੀ ਨੂੰ ਕਿਉਂ ਦਿੱਤੀ ਗਈ?
ਵੀਡੀਓ ਲਈ ਕਲਿੱਕ ਕਰੋ -: