Virsa Singh Valtoha acquitted : ਸੈਸ਼ਨ ਕੋਰਟ ਤਰਨਤਾਰਨ ਨੇ ਅੱਜ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 38 ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤ੍ਰੇਹਨ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਬਹੁ ਚਰਚਿਤ ਕਤਲ ਕੇਸ ਵਿੱਚ ਲਗਭਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ਦੇ ਮਹਾਂਵਾਕ ਅਨੁਸਾਰ ਝੂਠ ਦੀ ਹਾਰ ਅਤੇ ਸੱਚ ਦੀ ਜਿੱਤ ਹੋਈ ਹੈ। ਵਲਟੋਹਾ ਨੇ ਮਾਣਯੋਗ ਅਦਾਲਤ ਦਾ ਵੀ ਧੰਨਵਾਦ ਕੀਤਾ।
ਵਲਟੋਹਾ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਅਤੇ ਮਾਨਸਿਕ ਤੌਰ ‘ਤੇ ਖਤਮ ਕਰਨ ਲਈ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਮੇਰੇ ਵਿਰੁੱਧ ਦੁਬਾਰਾ ਚਲਾਨ ਪੇਸ਼ ਕੀਤਾ ਗਿਆ ਜਦਕਿ ਇਸ ਕੇਸ ਵਿੱਚੋਂ ਸੈਸ਼ਨ ਕੋਰਟ ਅੰਮ੍ਰਿਤਸਰ ਨੇ ਉਨ੍ਹਾਂ ਨੂੰ 1991 ਵਿੱਚ ਜ਼ਮਾਨਤ ਦੇ ਦਿੱਤੀ ਸੀ ਅਤੇ ਬਾਅਦ ਵਿੱਚ ਸੰਬੰਧਤ ਅਦਾਲਤ ਵੱਲੋਂ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਵਲਟੋਹਾ ਨੇ ਦੱਸਿਆ ਕਿ ਉਸਨੂੰ ਇਸ ਕੇਸ ਵਿੱਚ ਬਿਲਕੁਲ ਗਲਤ ਫਸਾਇਆ ਗਿਆ ਸੀ। ਵਲਟੋਹਾ ਨੇ ਇਸ ਕੇਸ ਦੀ ਪੱਖਪਾਤੀ ਰਿਪੋਰਟਿੰਗ ਕਰਨ ਵਾਲੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਤ ਉਨਾਂ ਪੱਤਰਕਾਰਾਂ ਦੀ ਰਿਪੋਰਟਿੰਗ ਉੱਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਨੇ ਸੱਚਾਈ ਬਿਆਨ ਕਰਨ ਦੀ ਥਾਂ ਤੱਥਾਂ ਤੋਂ ਪਾਸੇ ਜਾਕੇ ਗਲਤ ਰਿਪੋਰਟਿੰਗ ਕੀਤੀ।ਵਲਟੋਹਾ ਨੇ ਉਨਾਂ ਧਿਰਾਂ ਦੀ ਵੀ ਨਿੰਦਾ ਕੀਤੀ ਜੋ ਬੀਤੇ ਵਿੱਚ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਅਤੇ ਸਿੱਖ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਲੜਣ ਦਾ ਦਾਅਵਾ ਤਾਂ ਕਰਦੀਆਂ ਰਹੀਆਂ ਹਨ ਪਰ ਅੱਜ ਸਰਕਾਰ ਪੱਖੀ ਰੋਲ ਨਿਭਾ ਰਹੀਆਂ ਹਨ।
ਵਲਟੋਹਾ ਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਨਾਲ ਹੋਈ ਇਸ ਜ਼ਿਆਦਤੀ ‘ਤੇ ਕੋਈ ਵੀ ਪੰਥਕ ਧਿਰ ਜਾਂ ਪੰਥਕ ਆਗੂ ਨਹੀਂ ਬੋਲਿਆ। ਅੰਤ ਵਿੱਚ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ।ਵਲਟੋਹਾ ਨੇ ਆਪਣੇ ਵਕੀਲਾਂ ਐਡਵੋਕੇਟ ਜੇ.ਐਸ ਢਿੱਲੋਂ ਅਤੇ ਐਡਵੋਕੇਟ ਕੰਵਲਜੀਤ ਸਿੰਘ ਬਾਠ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਪਰਿਵਾਰਕ ਮੈਂਬਰਾਂ ਵਾਂਗ ਤਨਦੇਹੀ ਨਾਲ ਕੇਸ ਦੀ ਪੈਰਵੀ ਕੀਤੀ।