ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਹੋਰ ਨੇਤਾ ਮੰਗਲਵਾਰ ਨੂੰ ਰਾਜਪਾਲ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਜਿਸ ਦਿਨ ਰਾਜਾ ਵੜਿੰਗ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸਨ, ਉਸੇ ਵੇਲੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਕੁਝ ਸਾਥੀਆਂ ਸਮੇਤ ਰਾਜਪਾਲ ਨੂੰ ਮਿਲਣ ਪਹੁੰਚੇ ਸਨ।
ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵੜਿੰਗ ਦੇ ਨਾਲ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਰਾਜਪਾਲ ਨਾਲ ਮੁਲਾਕਾਤ ਦੌਰਾਨ ਪਟਿਆਲਾ ਹਿੰਸਾ ਸਣੇ ਸੂਬਾ ਸਰਕਾਰ ਦੇ ਕੰਮਕਾਜ ਨਾਲ ਸਬੰਧਤ ਮੁੱਦੇ ਉਠਾਉਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਤਿਆਰ ਰਹਿਣ ਲਈ ਕਿਹਾ। ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਬਣਾਉਣ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਨਾ ਦੇਣ ਲਈ ਕਾਂਗਰਸ ਦੀ ਅਹਿਮ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸੂਬਾ ਪੱਧਰੀ ਜਨ ਸੰਪਰਕ ਪ੍ਰੋਗਰਾਮ ਦਾ ਐਲਾਨ ਕਰਨਗੇ। ਕਾਂਗਰਸੀ ਵਰਕਰਾਂ ਨੂੰ ਉਨ੍ਹਾਂ ਤੱਕ ਨਹੀਂ ਪਹੁੰਚਣਾ ਪਵੇਗਾ ਸਗੋਂ ਵਾਰਡ/ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਉਨ੍ਹਾਂ ਦੇ ਘਰ ਪਹੁੰਚਣਾ ਹੋਵੇਗਾ। ਇਸ ਮੌਕੇ ‘ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਵਜੋਂ ਕਾਂਗਰਸ ਪਾਰਟੀ ਦੀ ਭੂਮਿਕਾ ਹੋਰ ਵੀ ਅਹਿਮ ਹੈ ਕਿਉਂਕਿ ‘ਆਪ’ ਸਰਕਾਰ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਸਰਕਾਰ ਦੀਆਂ ਉਮੀਦਾਂ ਤੋਂ ਮੋਹਭੰਗ ਹੋ ਚੁੱਕਾ ਹੈ। ਉਹ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਸੂਬਾ ਪੱਧਰੀ ਪ੍ਰੋਗਰਾਮ ਦਾ ਵੀ ਐਲਾਨ ਕਰਨਗੇ ਤਾਂ ਜੋ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਨਾ ਹਟੇ।
ਵੀਡੀਓ ਲਈ ਕਲਿੱਕ ਕਰੋ -: