ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਆਪਣੀ ਰੈਲੀ ਰੱਦ ਕਰਕੇ ਵਾਪਿਸ ਚਲੇ ਗਏ ਤੇ ਬਠਿੰਡਾ ਏਅਰਪੋਰਟ ‘ਤੇ ਵਾਪਸੀ ਦੌਰਾਨ ਪਿੰਡ ਪਿਆਰੇਆਣਾ ਦੇ ਫਲਾਈਓਵਰ ‘ਤੇ ਉਨ੍ਹਾਂ ਦੇ ਕਾਫਲੇ ਨੂੰ ਉਥੇ ਲੱਗੇ ਜਾਮ ਕਰਕੇ 15-20 ਮਿੰਟ ਰੋਕਣਾ ਪਿਆ ਜਿਸ ਨੂੰ ਸੁਰੱਖਿਆਂ ਪ੍ਰਬੰਧਾਂ ਵਿੱਚ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ। ਪੀ.ਐੱਮ. ਮੋਦੀ ਦੇ ਕਾਫ਼ਲੇ ਦੇ ਉਥੋਂ ਲੰਘਣ ਵੇਲੇ ਜਿਹੜੀ ਕਿਸਾਨ ਜਥੇਬੰਦੀ ਨੇ ਉਥੇ ਧਰਨਾ ਲਾਇਆ ਹੋਇਆ ਸੀ, ਉਨ੍ਹਾਂ ਨੇ ਅੱਜ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਹਕੀਕਤ ਵਿੱਚ ਹੋਇਆ ਕੀ ਸੀ।
ਦਰਅਸਲ ਉਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਸਾਡੀ ਜਥੇਬੰਦੀ ਦੇ ਕਿਸਾਨਾਂ ਵੱਲੋਂ ਹੀ ਉਥੇ ਧਰਨਾ ਲਾਇਆ ਗਿਆ ਸੀ। ਪਰ ਅਸੀਂ ਇਸ ਬਾਰੇ ਕੁਝ ਗੱਲਾਂ ਸਾਫ ਕਰਨਾ ਚਾਹੁੰਦੇ ਹਾਂ ਕਿ ਅਸਲ ਵਿੱਚ ਇਹ ਸਭ ਕਿਵੇਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
ਸੁਰਜੀਤ ਸਿੰਘ ਫੂਲ ਨੇ ਦੱਸਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਾਡੀ 10-12 ਕਿਸਾਨ ਜਥੇਬੰਦੀਆਂ ਦੀ ਪਹਿਲਾਂ ਬਰਨਾਲਾ ਵਿੱਚ ਹੋਈ ਇੱਕ ਮੀਟਿੰਗ ਵਿੱਚ ਤੈਅ ਕੀਤਾ ਗਿਆ ਸੀ ਕਿ 5 ਜਨਵਰੀ ਨੂੰ ਪੀ.ਐੱਮ. ਮੋਦੀ ਦੇ ਦੌਰੇ ਦੌਰਾਨ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਰਟਰਾਂ ‘ਤੇ ਇਕੱਠੇ ਹੋ ਕੇ ਉਥੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਰੋਸ ਮਾਰਚ ਦੀ ਸਮਾਪਤੀ ਤੋਂ ਬਾਅਦ ਮੋਦੀ ਦੇ ਪੁਤਲੇ ਫੂਕੇ ਜਾਣਗੇ। ਇਸੇ ਨੂੰ ਲੈ ਕੇ ਫਿਰਜ਼ਪੁਰ ਜ਼ਿਲ੍ਹੇ ਵਾਲੇ ਕਿਸਾਨਾਂ ਨੇ ਫਿਰੋਜ਼ਪੁਰ ਜ਼ਿਲ੍ਹਾ ਹੈੱਡਕੁਆਰਟਰ ‘ਤੇ ਹੀ ਜਾਣਾ ਸੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੋਂ ਅਸੀਂ ਫੇਰੂ ਸ਼ਾਹ ਦੀ ਦਾਣਾ ਮੰਡੀ ਤੋਂ ਇਕੱਠੇ ਹੋ ਕੇ ਅੱਗੇ ਵੱਲ ਨੂੰ ਵਧੇ ਤਾਂ 11 ਕੁ ਵਜੇ ਕੋਲ ਜਥੇਬੰਦੀ ਦੇ ਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ ਨਾਲ ਕਿਸਾਨਾਂ ਨੂੰ ਪਿੰਡ ਪਿਆਰੇਆਣਾ ਦੇ ਕੋਲ ਪੁਲਿਸ ਨੇ ਸਾਨੂੰ ਇਸ ਕਰਕੇ ਅੱਗੇ ਨਹੀਂ ਵਧਣ ਦਿੱਤਾ ਕਿ ਕਿਤੇ ਅਸੀਂ ਫਿਰੋਜ਼ਪੁਰ ਵਿੱਚ ਰੈਲੀ ਵਾਲੀ ਥਾਂ ‘ਤੇ ਜਾ ਕੇ ਖਲਲ ਨਾ ਪਾ ਦੇਈਏ। ਉਨ੍ਹਾਂ ਕਿਹਾ ਕਿ ਅਸੀਂ ਫਿਰੋਜ਼ੁਪਰ ਡੀਸੀ ਦਫਤਰ ਸਾਹਮਣੇ ਜਾਣਾ ਹੈ ਰੈਲੀ ਵਾਲੀ ਥਾਂ ‘ਤੇ ਨਹੀਂ। ਤਾਂ ਪੁਲਿਸ ਨੇ ਅੱਗੇ ਜਾਣ ਤੋਂ ਰੋਕਦਿਆਂ ਉਥੇ ਹੀ ਸੜਕ ‘ਤੇ ਮੁਜ਼ਾਹਰਾ ਕਰਨ ਲਈ ਕਿਹਾ।
ਕਿਸਾਨਾਂ ਦੇ ਉਥੇ ਬੈਠਣ ਨਾਲ ਸੜਕ ‘ਤੇ ਜਾਮ ਲੱਗ ਗਿਆ। ਕਿਸਾਨਾਂ ਨੇ ਤੈਅ ਕੀਤਾ ਕਿ ਇਥੋਂ ਕਿਸੇ ਵੀ ਬੀਜੇਪੀ ਵਾਲਿਆਂ ਦੀਆਂ ਬੱਸਾਂ ਨੂੰ ਰੈਲੀ ਵਾਲੀ ਥਾਂ ‘ਤੇ ਜਾਣ ਲਈ ਲੰਘਣ ਨਹੀਂ ਦਿਆਂਗੇ। ਉਸ ਪਿੱਛੋਂ ਜਿੰਨੀਆਂ ਵੀ ਬੀਜੇਪੀ ਵਾਲਿਆਂ ਦੀਆਂ ਬੱਸਾਂ ਲੰਘੀਆਂ ਪੁਲਿਸ ਨੇ ਉਨ੍ਹਾਂ ਨੂੰ ਪਿੰਡਾਂ ਦੇ ਰਾਹ ਵੱਲੋਂ ਜਾਣ ਲਈ ਕਿਹਾ, ਜਿਥੇ ਉਨ੍ਹਾਂ ਨੂੰ ਪਿੰਡ ਵਾਲਿਆਂ ਨੇ ਅੱਗੋਂ ਘੇਰ ਲਿਆ।
ਇਸ ਦੌਰਾਨ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਥੋਂ ਪ੍ਰਧਾਨ ਮੰਤਰੀ ਦਾ ਕਾਫਲਾ ਲੰਘੇਗਾ ਕਿਉਂਕਿ ਪ੍ਰਧਾਨ ਮੰਤਰੀ ਵਾਸਤੇ ਹੈਲੀਪੈਡ ਰੈਲੀ ਵਾਲੀ ਥਾਂ ‘ਤੇ ਬਣਿਆ ਹੋਇਆ ਸੀ। ਸਾਰਿਆਂ ਨੂੰ ਇਹ ਹੀ ਲੱਗਾ ਉਹ ਹੈਲੀਕਾਪਟਰ ਰਾਹੀਂ ਹੀ ਆਉਣਗੇ-ਜਾਣਗੇ। 12 ਕੁ ਵਜੇ ਪੁਲਿਸ ਨੇ ਕਿਹਾ ਤੁਸੀਂ ਇਥੋਂ ਸੜਕ ਖਾਲੀ ਕਰ ਦਿਓ ਕਿਉਂਕਿ ਪ੍ਰਧਾਨ ਮੰਤਰੀ ਇਧਰੋਂ ਆ ਰਹੇ ਨੇ।
ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਲੱਗਾ ਕਿ ਬੀਜੇਪੀ ਵਾਲਿਆਂ ਦੀਆਂ ਬੱਸਾਂ ਲੰਘਾਉਣ ਲਈ ਪੁਲਿਸ ਵਾਲੇ ਝੂਠ ਬੋਲ ਕੇ ਪ੍ਰਧਾਨ ਮੰਤਰੀ ਦਾ ਬਹਾਨਾ ਬਣਾ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਨੇ ਜਿਧਰੋਂ ਜਾਣਾ ਹੋਵੇ ਉਹ ਰੂਟ 48 ਘੰਟੇ ਪਹਿਲਾਂ ਹੀ ਤੈਅ ਹੋ ਜਾਂਦਾ ਹੈ ਤੇ ਉਸ ਨੂੰ ਸਾਫ ਕਰਵਾ ਲਿਆ ਜਾਂਦਾ ਹੈ
ਉਨ੍ਹਾਂ ਕਿਹਾ ਕਿ ਸਾਡੇ ਧਰਨੇ ਵਾਲੀ ਥਾਂ ਤੋਂ ਕਿਲੋਕੁਮੀਟਰ ਪਿੱਛੇ ਫਲਾਈਓਵਰ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ 15-20 ਰੁਕਿਆ। ਉਦੋਂ ਤੱਕ ਕਿਸਾਨਾਂ ਦੇ ਮੁਜ਼ਾਹਰੇ ਵਾਲੀ ਥਾਂ ‘ਤੇ ਬਹੁਤ ਭੀੜ ਹੋ ਗਈ ਸੀ ਕਿਉਂਕਿ 1000 ਕਿਸਾਨ ਉਥੇ ਸਨ ਤੇ ਬੀਜੇਪੀ ਵਾਲੇ ਬੰਦੇ ਵੀ ਬੱਸਾਂ ਚੋਂ ਉਤਰ ਕੇ ਉਥੇ ਸਾਡੇ ਨਾਲ ਅੱਗੇ ਜਾਣ ਲਈ ਜ਼ਿੱਦ ਕਰ ਰਹੇ ਸਨ। ਇਸ ਹਿਸਾਬ ਨਾਲ ਉਥੇ ਦੋ ਢਾਈ ਹਜ਼ਾਰ ਲੋਕ ਇਕੱਠੇ ਹੋ ਗਏ ਸਨ, ਜਿਸ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਪਿੱਛੇ ਕੋਈ ਪ੍ਰਧਾਨ ਮੰਤਰੀ ਦਾ ਕਾਫਲਾ ਵੀ ਸੀ।
ਕਿਸਾਨ ਆਗੂ ਨੇ ਕਿਹਾ ਕਿ ਸਾਡਾ ਪ੍ਰਧਾਨ ਮੰਤਰੀ ਦਾ ਰਾਹ ਰੋਕਣ ਦਾ ਕੋਈ ਪਲਾਨ ਨਹੀਂ ਸੀ। ਇਹ ਸਭ ਅਚਨਚੇਤ ਹੋਇਆ ਤੇ ਸਬੱਬ ਨਾਲ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ 10-10.30 ਬਠਿੰਡੇ ਪਹੁੰਚਣ ਤੋਂ ਬਾਅਦ ਅਚਾਨਕ ਹੀ ਆਪਣਾ ਪ੍ਰੋਗਰਾਮ ਬਦਲਿਆ ਹੋਵੇਗਾ ਤੇ ਉਸ ਤੋਂ ਬਾਅਦ ਹੀ ਪੁਲਿਸ ਵਾਲਿਆਂ ਨੂੰ ਪਤਾ ਲੱਗਾ। ਇੱਕਦਮ ਪ੍ਰੋਗਰਾਮ ਦੀ ਤਬਦੀਲੀ ਕਰਕੇ ਇਹ ਸਭ ਹੋਇਆ।