ਪੰਜਾਬ ਕਾਂਗਰਸ ਦੇ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਵਧਦੇ ਮਤਭੇਦ ਵਿੱਚ ਹੁਣ ਉਨ੍ਹਾਂ ਦੀਆਂ ਪਤਨੀਆਂ ਵੀ ਸ਼ਾਮਲ ਹੋ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲੇ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਨਵਜੋਤ ਸਿੰਘ ਸਿੱਧੂ ‘ਤੇ ਅਮ੍ਰਿਤਸਰ ਨੂੰ ਅਣਗੌਲਿਆਂ ਕਰਨ ਲਈ ਨਿਸ਼ਾਨਾ ਵਿੰਨ੍ਹਿਆ।
ਇਸ ਤੋਂ ਇੱਕ ਦਿਨ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਉਨ੍ਹਾਂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਅੰਮ੍ਰਿਤਸਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸਦਾ ਪਤੀ ਆਪਣੇ ਪੱਲਿਓਂ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ, ਆਪਣੇ ਲੋਕਾਂ ਦੀਆਂ ਜ਼ਿੰਮੇਵਾਰੀ ਨਹੀਂ ਛੱਡਣਗੇ।
ਨਵਜੋਤ ਕੌਰ ਸਿੱਧੂ ਨੇ ਅੱਗੇ ਕਿਹਾ ਕਿ ਜਦੋਂ ਕੋਵਿਡ ਲੋਕਾਂ ਨੂੰ ਤਬਾਹ ਕਰ ਰਿਹਾ ਸੀ ਤਾਂ ਤੁਸੀਂ ਲਗਭਗ ਇੱਕ ਸਾਲ ਪਟਿਆਲੇ ਵਿੱਚ ਨਹੀਂ ਸੀ ਬਲਕਿ ਆਪਣੇ ਫਾਰਮ ਹਾਊਸ ਵਿੱਚ ਸੀ। ਅੰਮ੍ਰਿਤਸਰ ਪੂਰਬੀ ਦੀ ਚਿੰਤਾ ਨਾ ਕਰੋ, ਇਸ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਦੇ ਆਗੂਆਂ ਵਿਚਾਲੇ ਮਤਭੇਦ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਨੂੰ ਸੁਲਝਾਉਣ ਲਈ ਕਾਂਗਰਸ ਹਾਈਕਮਾਨ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਇਸ ਦੀ ਦੂਜੀ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਵੀ ਕਮੇਟੀ ਮੈਂਬਰਾਂ ਨੂੰ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬੀਆਂ ਦੀ ਆਵਾਜ਼ ਪਹੁੰਚਾਉਣ ਲਈ ਦਿੱਲੀ ਆਏ ਸਨ ਤੇ ਉਹ ਉਨ੍ਹਾਂ ਨੇ ਪਹੁੰਚਾ ਦਿੱਤੀ ਹੈ। ਅਖੀਰ ਸੱਚ ਦੀ ਹੀ ਜਿੱਤ ਹੋਵੇਗੀ।
ਇਹ ਵੀ ਪੜ੍ਹੋ : ਭਾਰਤ ‘ਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਅਹਿਮ ਖਬਰ, ਸਰਕਾਰ ਨੇ ਵਧਾਈ ਵੀਜ਼ਾ ਮਿਆਦ
ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਇਲਾਕਾ ਨਿਵਾਸੀ ਉਨ੍ਹਾਂ ਤੋਂ ਨਾਰਾਜ਼ ਜਾਪਦੇ ਹਨ। ਬੀਤੇ ਦਿਨੀਂ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਸਿੱਧੂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਸਾਹਿਬ ਵੱਲੋਂ ਲੋਕਾਂ ਵੱਲ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵੱਲ ਕੁਝ ਵੀ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹੈ।