ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਸ਼ਰਾਬੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਰੜਦਾ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਜਗਰਾਓਂ ਦੇ ਰਾਏਕੋਟ ਨੇੜੇ ਕਲਿਆਣੀ ਹਸਪਤਾਲ ਇਲਾਕਾ ਨਿਵਾਸੀ ਪ੍ਰਕਾਸ਼ ਸਿੰਘ ਉਰਫ਼ ਸੋਨੀ ਵਜੋਂ ਹੋਈ ਹੈ। ਦੋਸ਼ੀ ਪਤਨੀ ਦਾ ਨਾਂ ਗੁਰਮੀਤ ਹੈ। ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਦੇ ਭਰਾ ਸੁਖਵਿੰਦਰ ਨੇ ਉਸ ਦੇ ਸਰੀਰ ‘ਤੇ ਰੱਸੀ ਦੇ ਨਿਸ਼ਾਨ ਦੇਖੇ।
ਮ੍ਰਿਤਕ ਪ੍ਰਕਾਸ਼ ਸਿੰਘ ਦਾ ਵਿਆਹ ਕਰੀਬ 18 ਸਾਲ ਪਹਿਲਾਂ ਗੁਰਮੀਤ ਕੌਰ ਨਾਲ ਹੋਇਆ ਸੀ। ਪਤੀ-ਪਤਨੀ ਦੀ ਇਕ 16 ਸਾਲ ਦੀ ਧੀ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਸ਼ਰਾਬ ਪੀ ਕੇ ਆਪਣੀ ਧੀ ਨੂੰ ਵੀ ਕੁੱਟਦਾ ਸੀ। ਸ਼ਨੀਵਾਰ ਰਾਤ ਨੂੰ ਵੀ ਜਦੋਂ ਲੜਾਈ ਹੋਈ ਤਾਂ ਧੀ ਨੇੜੇ ਰਹਿਣ ਵਾਲੀ ਆਪਣੀ ਭੂਆ ਦੇ ਘਰ ਚਲੀ ਗਈ। ਇਸ ਝਗੜੇ ਤੋਂ ਬਾਅਦ ਗੁਰਮੀਤ ਕੌਰ ਨੇ ਸ਼ਰਾਬੀ ਹਾਲਤ ਵਿੱਚ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਗੁਰਮੀਤ ਕੌਰ ਨੇ ਪਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਕਮੀਜ਼ ਦੇ ਬਟਨ ਦੁਬਾਰਾ ਲਾ ਦਿੱਤੇ। ਸਾਰੀ ਰਾਤ ਉਹ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਰਹੀ। ਸਵੇਰੇ ਗੁਰਮੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਬ੍ਰਹਮਪੁਰਾ ਵਿਖੇ ਆਪਣੇ ਪਤੀ ਦੀ ਮੌਤ ਦੀ ਖਬਰ ਦਿੱਤੀ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਦੀ ਲਾਸ਼ ਨੂੰ ਅਰਥੀ ‘ਤੇ ਰੱਖ ਦਿੱਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਆਪਣੇ ਭਰਾ ਦਾ ਮੂੰਹ ਆਖਰੀ ਵਾਰ ਦੇਖਣ ਲੱਗਾ ਤਾਂ ਉਸ ਦੇ ਗਲੇ ‘ਤੇ ਰੱਸੀ ਦੇ ਨਿਸ਼ਾਨ ਨਜ਼ਰ ਆਏ। ਨਿਸ਼ਾਨ ਵੇਖ ਕੇ ਸੁਖਵਿੰਦਰ ਸਿੰਘ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ‘ਤੇ CM ਮਾਨ ਬੋਲੇ-‘ਕਾਨੂੰਨ ਤੋੜਨ ਵਾਲਿਆਂ ਤੇ ਹੋਵੇਗੀ ਕਾਰਵਾਈ’
ਸੀਆਈਏ ਇੰਚਾਰਜ ਨਵਦੀਪ ਸਿੰਘ, ਡੀਐਸਪੀ ਸਤਵਿੰਦਰ ਵਰਕ ਅਤੇ ਐਸਐਚਓ ਸਿਟੀ ਹੀਰਾ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਪਤਨੀ ਗੁਰਮੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਕਾਸ਼ ਸਿੰਘ ਸ਼ਰਾਬ ਪੀ ਕੇ ਅਕਸਰ ਲੜਦਾ ਰਹਿੰਦਾ ਸੀ। ਇਸੇ ਕਾਰਨ ਦੇਰ ਰਾਤ ਝਗੜੇ ਦੌਰਾਨ ਰੱਸੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਗੁਰਮੀਤ ਦੇ ਮੂੰਹੋਂ ਇਹ ਸਭ ਸੁਣ ਕੇ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: